ਯੁਵਰਾਜ ਸਿੰਘ ਦੇ ਪਿਤਾ ਨੇ ਕ੍ਰਿਕੇਟ ਟੀਮ ਖਿਲਾਫ ਇੱਕ ਵਾਰ ਫਿਰ ਕੱਢੀ ਭੜਾਸ
Yuvraj Singh's father Yograj Singh lashes out at Indian cricket team!: ਯੁਵਰਾਜ ਸਿੰਘ ਦੇ ਪਿਤਾ ਨੇ ਕ੍ਰਿਕੇਟ ਟੀਮ ਖਿਲਾਫ ਇੱਕ ਵਾਰ ਫਿਰ ਕੱਢੀ ਭੜਾਸ, ਦੇਖੋ ਵੀਡੀਓ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਇੱਕ ਵਾਰ ਫਿਰ ਵਿਵਾਦਾਂ 'ਚ ਆਣ ਘਿਰੇ ਹਨ। ਉਹਨਾਂ ਨੇ ਯੁਵਰਾਜ ਸਿੰਘ ਨੂੰ ਟੀ 20 ਅਤੇ ਵਨ ਡੇ ਕ੍ਰਿਕਟ ਟੀਮ 'ਚ ਸ਼ਾਮਿਲ ਨਾ ਕੀਤੇ ਜਾਣ ਬਾਰੇ ਵੱਡਾ ਬਿਆਨ ਦਿੱਤਾ ਹੈ। ਯੋਗਰਾਜ ਸਿੰਘ ਨੇ ਕਿਹਾ ਹੈ ਕਿ ਇੰਡੀਅਨ ਕ੍ਰਿਕਟ ਟੀਮ ਨੂੰ ਬੁਲੰਦੀਆਂ 'ਤੇ ਪਹੁੰਚਾਉਣ 'ਚ ਯੁਵਰਾਜ ਸਿੰਘ ਸਭ ਤੋਂ ਮੋਹਰੀ ਰਹੇ ਹਨ ਅਤੇ ਉਹਨਾਂ ਨੇ ਆਪਣੇ ਕੈਰੀਅਰ ਵਿੱਚ ਭਾਰਤੀ ਕ੍ਰਿਕਟ ਨੂੰ ਜੋ ਵੀ ਦਿੱਤਾ ਹੈ, ਉਸਦੀ ਕਿਤੇ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਯੁਵਰਾਜ ਸਿੰਘ ਉਦੋਂ ਤੋਂ ਕ੍ਰਿਕਟ ਟੀਮ ਦੇ ਨਾਲ ਹਨ, ਜਦੋਂ ਭਾਰਤੀ ਟੀਮ ਦੀ ਫੀਲਡਿੰਗ ਬੇਹੱਦ ਕਮਜ਼ੋਰ ਸੀ ਅਤੇ ਕਿਸੇ ਕੋਲੋਂ ਕੈਚ ਤੱਕ ਨਹੀਂ ਫੜ੍ਹਿਆ ਜਾਂਦਾ ਸੀ, ਪਰ ਯੁਵਰਾਜ ਦੇ ਟੀਮ 'ਚ ਆਉਣ ਤੋਂ ਬਾਅਦ ਬੇਹੱਦ ਵਧੀਆ ਬਦਲਾਅ ਆਏ ਹਨ। ਉਹਨਾਂ ਅਨੁਸਾਰ ਜੇਕਰ ਐਕਟਿੰਗ ਦੀ ਗੱਲ ਕੀਤੀ ਜਾਵੇ ਤਾਂ ਖੁਦ ਉਹ ਕਿਸੇ ਨੂੰ ਸਾਬਿਤ ਨਹੀਂ ਕਰਨਗੇ ਕਿ ਉਹਨਾਂ ਨੇ ਅਦਾਕਰੀ ਦੇ ਖੇਤਰ 'ਚ ਕੀ ਮੁਕਾਮ ਹਾਸਿਲ ਕੀਤਾ ਹੈ, ਠੀਕ ਉਂਝ ਹੀ ਯੁਵਰਾਜ ਸਿੰਘ ਨੂੰ ਕ੍ਰਿਕਟ 'ਚ ਆਪਣਾ ਯੋਗਦਾਨ ਅਤੇ ਵਜੂਦ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ। ਦੱਸਣਯੋਗ ਹੈ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਜਦੋਂ ਯੋਗਰਾਜ ਸਿੰਘ ਨੇ ਅਜਿਹੇ ਵਿਵਾਦਪੂਰਨ ਬਿਆਨ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰੀ ਯੁਵਰਾਜ ਕਾਰਨ ਕਦੀ ਧੋਨੀ ਅਤੇ ਕਦੀ ਕ੍ਰਿਕਟ ਟੀਮ ਨੂੰ ਖਰੀਆਂ ਖਰੀਆਂ ਸੁਣਾ ਚੁੱਕੇ ਹਨ। —PTC News