ਬੈਸਟ ਪ੍ਰਾਈਸ ਵਿਚੋਂ ਨੌਕਰੀਆਂ ਤੋਂ ਕੱਢੇ ਜਾਣ 'ਤੇ ਨੌਜਵਾਨਾਂ ਦਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ
ਬਠਿੰਡਾ, 3 ਸਤੰਬਰ: ਬਠਿੰਡਾ ਦੇ ਬੈਸਟ ਪ੍ਰਾਈਸ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਦੌਰਾਨ ਬੈੱਸਟ ਪ੍ਰਾਈਸ ਬੰਦ ਹੋਣ ਤੋਂ ਬਾਅਦ ਕੱਢ ਦਿੱਤਾ ਗਿਆ ਸੀ। ਲੰਮੇ ਸਮੇਂ ਤੋਂ ਆਪਣੀ ਨੌਕਰੀ ਲਈ ਸੰਘਰਸ਼ ਕਰ ਰਹੇ ਇਹ ਨੌਜਵਾਨ ਅੱਜ ਭੁੱਚੋ ਖੁਰਦ ਪਿੰਡ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਨੌਕਰੀਆਂ 'ਤੇ ਵਾਪਸ ਬਹਾਲ ਕੀਤਾ ਜਾਵੇ, ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੀ ਤਾਦਾਦ ਕਰੀਬ 60-70 ਦੇ ਵਿਚਕਾਰ ਹੈ। ਦੱਸ ਦੇਈਏ ਕਿ ਵਿਰੋਧ ਕਰ ਰਹੇ ਨੌਜਵਾਨਾਂ ਵਿਚੋਂ ਕਈ ਬੈਸਟ ਪ੍ਰਾਈਸ ਵਿਚ ਪਿਛਲੇ 5-7 ਸਾਲਾਂ ਤੋਂ ਕੰਮ ਕਰ ਰਹਿ ਸੀ, ਜਿਨ੍ਹਾਂ ਵਿਚੋਂ ਇੱਕ ਮੁਲਾਜ਼ਮ ਨੇ ਇਲਜ਼ਾਮ ਲਾਇਆ ਕਿ ਕੰਪਨੀ ਨੇ ਬਿਨਾ ਕਿਸੇ ਨੋਟਿਸ ਤੋਂ ਉਨ੍ਹਾਂ ਨੂੰ ਅਚਾਨਕ ਹੀ ਨੌਕਰੀ ਤੋਂ ਬਾਹਰ ਕੱਦ ਦਿੱਤਾ ਤੇ ਇਸ ਲਈ ਕੋਈ ਸਪਸ਼ਟ ਵਜ੍ਹਾ ਵੀ ਨਹੀਂ ਦੱਸੀ। ਬੈਸਟ ਪ੍ਰਾਈਸ ਮੁਲਾਜ਼ਮ ਯੂਨੀਅਨ ਦੇ ਮੈਂਬਰ ਹਰਜਿੰਦਰ ਸਿੰਘ ਦਾ ਕਹਿਣਾ ਕਿ ਉਨ੍ਹਾਂ ਵੱਲੋਂ ਇਹ ਰੋਸ ਮੁਜ਼ਾਹਰਾ ਇਸ ਕਰ ਕੇ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਨੇ ਉਨ੍ਹਾਂ ਦਾ ਜੋ ਸਮਝੌਤਾ ਬੈਸਟ ਪ੍ਰਾਈਸ ਨਾਲ ਕਰਵਾਇਆ ਗਿਆ ਸੀ ਉਸਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਇਸ ਸਮੱਸਿਆ ਨੂੰ ਲੈਕੇ ਪਿਛਲੇ 50 ਦਿਨਾਂ ਤੋਂ ਡੀ.ਸੀ. ਦਫ਼ਤਰ ਅੱਗੇ ਵੀ ਬੈਠੇ ਰਹੇ ਪਰ ਸਰਕਾਰ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਉਲਟ ਉਨ੍ਹਾਂ ਵੱਲੋਂ ਕੰਪਨੀ ਦਾ ਸਾਥ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਅੱਕੇ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਨੌਜਵਾਨਾਂ ਵੱਲੋਂ ਇਹ ਰੋਸ ਮੁਜ਼ਾਹਰਾ ਕਿਰਤੀ ਕਿਸਾਨ ਯੂਨੀਅਨ ਦੇ ਨਿਸ਼ਾਨ ਹੇਠ ਵਿੱਢਿਆ ਗਿਆ ਹੈ, ਜਿੱਥੇ ਉਨ੍ਹਾਂ ਯੂਨੀਅਨ ਦੇ ਹੱਕ 'ਚ ਨਾਅਰੇ ਲਾਏ ਉੱਥੇ ਹੀ ਸੂਬਾ ਸਰਕਾਰ, ਬਠਿੰਡਾ ਪ੍ਰਸ਼ਾਸਨ ਅਤੇ ਬੈਸਟ ਪ੍ਰਾਈਸ ਮੈਨੇਜਮੈਂਟ ਦੇ ਖ਼ਿਲਾਫ਼ ਵੀ ਨਾਅਰੇ ਲਾਏ ਗਏ ਹਨ। ਇਹ ਵੀ ਪੜ੍ਹੋ: ਇੱਕ ਵਾਰ ਫਿਰ ਘਿਰੀ ਪੰਜਾਬ ਕਾਂਗਰਸ, ਹੁਣ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵਿਜੀਲੈਂਸ ਦੇ ਰਾਡਾਰ 'ਤੇ -PTC News