ਗੈਂਗਸਟਰ ਕਲਚਰ ਕਾਰਨ ਅਪਰਾਧ ਦੀ ਦਲਦਲ 'ਚ ਧਸ ਰਹੇ ਨੌਜਵਾਨ ਬਣੇ ਚਿੰਤਾ ਦਾ ਵਿਸ਼ਾ
ਮੋਗਾ : ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ ਮਗਰੋਂ ਡੀਸੀਪੀ ਡਿਟੈਕਟਿਵ ਮੁਖਵਿੰਦਰ ਭੁੱਲਰ ਦੇ ਅਹਿਮ ਖੁਲਾਸੇ ਕੀਤੇ ਹਨ। ਏਕੇ-47 ਤੇ ਦੋ ਪਿਸਟਲ ਤੇ 31 ਕਾਰਤੂਸ ਬਰਾਮਦ ਕੀਤੇ ਹਨ। ਸ਼ੂਟਰਾਂ ਤੋਂ ਇਕ ਟੁੱਟਿਆ ਮੋਬਾਈਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ੂਟਰਾਂ ਨੂੰ ਇਕ ਕਾਰ ਛੱਡ ਕੇ ਗਈ ਸੀ। ਪੁਲਿਸ ਵੱਲੋਂ ਕਾਰ ਦੀ ਪੜਤਾਲ ਤੇ ਭਾਲ ਜਾਰੀ ਹੈ। ਪੁਲਿਸ ਵੱਲੋਂ ਸ਼ੂਟਰਾਂ ਦੇ ਪਾਕਿਸਤਾਨ ਕੁਨੈਕਸ਼ਨ ਬਾਰੇ ਫਿਲਹਾਲ ਕੋਈ ਖ਼ੁਲਾਸਾ ਨਹੀਂ ਕੀਤਾ ਜਾ ਰਿਹਾ। ਏਕੇ-47 ਤੇ ਕਾਰਤੂਸ ਕਿਸ ਦੇਸ਼ ਦੇ ਬਣੇ ਨੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਸ਼ੂਟਰਾਂ ਕੋਲੋਂ ਬਰਾਮਦ ਬੈਗ ਵਿੱਚ ਹਥਿਆਰ ਭਰੇ ਹੋਏ ਸਨ। ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਬੀਤੇ ਦਿਨ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਹਲਕੇ ਦੇ ਪਿੰਡ ਕੁੱਸਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂੰ ਤੇ ਉਸ ਦੇ ਇਕ ਹੋਰ ਸਾਥੀ ਜਗਰੂਪ ਸਿੰਘ ਰੂਪਾ ਸਮੇਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਵਿੱਚ ਮਾਰੇ ਜਾਣ ਤੋਂ ਬਾਅਦ ਅੱਜ ਹਲਕੇ ਦਾ ਪਿੰਡ ਕੁੱਸਾ ਇਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਪਿੰਡ ਵਿੱਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਵਿਸ਼ਵ ਪੱਧਰ ਉਤੇ ਚਰਚਿਤ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਤਾਰ ਇਸ ਪਿੰਡ ਦੇ ਨੌਜਵਾਨ ਮਨਪ੍ਰੀਤ ਮੰਨੂੰ ਨਾਲ ਜੁੜਨ ਨਾਲ ਇਹ ਪਿੰਡ ਸੰਸਾਰ ਪੱਧਰ ਉਤੇ ਚਰਚਾ ਵਿੱਚ ਆ ਗਿਆ। ਦਿੱਲੀ ਪੁਲਿਸ ਵੱਲੋਂ ਕੁਝ ਦਿਨ ਪਹਿਲਾ ਕੀਤੇ ਖੁਲਾਸੇ ਵਿੱਚ ਜਿਸ ਨੌਜਵਾਨ ਸ਼ੂਟਰ ਮਨਪ੍ਰੀਤ ਮੰਨੂੰ ਦਾ ਜ਼ਿਕਰ ਆਇਆ ਸੀ। ਦਿੱਲੀ ਪੁਲਿਸ ਅਨੁਸਾਰ ਮਨਪ੍ਰੀਤ ਮੰਨੂੰ ਨੇ ਹੀ ਸਿੱਧੂ ਮੂਸੇਵਾਲਾ ਤੇ ਏਕੇ 47 ਨਾਲ ਹਮਲਾ ਕਰ ਕੇ ਉਸ ਨੂੰ ਕਤਲ ਕੀਤਾ ਸੀ। ਗੈਂਗਸਟਰ ਮਨਪ੍ਰੀਤ ਸਿੰਘ ਮੰਨੂੰ ਬਾਰੇ ਜਾਣਕਾਰੀ ਇਕੱਤਰ ਕਰਨ ਉਤੇ ਪਤਾ ਲੱਗਿਆ ਹੈ। ਮਨਪ੍ਰੀਤ ਮਾਨੂੰ ਪਹਿਲਾਂ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ ਦੋ ਭਰਾਵਾਂ ਨਾਲ ਪਿੰਡ ਵਿੱਚ ਕਾਰਪੇਂਟਰ ਦਾ ਕੰਮ ਕਰਦਾ ਸੀ। ਪਿੰਡ ਰੰਗੀਆਂ ਦਾ ਇੱਕ ਵਿਅਕਤੀ ਉਸ ਉਤੇ ਹਮਲਾ ਕਰਨ ਦੇ ਇਰਾਦੇ ਨਾਲ ਉਸਦੇ ਘਰ ਆਇਆ ਤਾਂ ਮਨਪ੍ਰੀਤ ਮੰਨੂੰ ਤੋਂ ਉਸ ਵਿਅਕਤੀ ਦੇ ਕੀਤੇ ਗਏ ਵਾਰ ਨਾਲ ਉਸ ਵਿਅਕਤੀ ਦੀ ਮੌਤ ਹੋ ਗਈ। ਕਤਲ ਕਰਨ ਦੇ ਮੁਕੱਦਮੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਜੇਲ੍ਹ ਵਿੱਚ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਮੰਨੂੰ ਲਗਾਤਾਰ ਅਪਰਾਧ ਜਗਤ ਦੀ ਦੁਨੀਆਂ ਵਿੱਚ ਧੱਸਦਾ ਗਿਆ। ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮੰਨੂੰ ਨੇ ਆਪਣੇ ਛੋਟੇ ਭਰਾ ਗੁਰਦੀਪ ਸਿੰਘ ਗੋਰਾ ਨਾਲ ਰਲ਼ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮਨਪ੍ਰੀਤ ਮੰਨੂੰ ਆਪਣੇ ਭਰਾ ਗੁਰਦੀਪ ਸਿੰਘ ਗੋਰਾ ਨਾਲ ਜੇਲ੍ਹ ਚਲਾ ਗਿਆ। ਜੇਲ੍ਹ ਵਿਚੋਂ ਹੀ ਇਨ੍ਹਾਂ ਦੋਵੇਂ ਭਰਾਵਾਂ ਦੇ ਸਬੰਧ ਬਿਸ਼ਨੋਈ ਗਰੁੱਪ ਨਾਲ ਨਾਲ ਬਣ ਗਏ। ਜਾਣਕਾਰੀ ਮੁਤਾਬਕ ਮਨਪ੍ਰੀਤ ਮੰਨੂੰ ਉਤੇ ਕੁੱਲ 14 ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ 4 ਕਤਲ ਦੇ ਮਾਮਲੇ ਹਨ। ਥਾਣਾ ਬੱਧਨੀ ਕਲਾਂ ਵਿਖੇ ਮਨਪ੍ਰੀਤ ਮੰਨੂੰ ਉਤੇ 5 ਮੁਕੱਦਮੇ ਦਰਜ ਹਨ। ਮਜ਼ਦੂਰ ਪਰਿਵਾਰ ਨਾਲ ਸਬੰਧਤ ਮਨਪ੍ਰੀਤ ਮੰਨੂੰ ਦਾ ਪਿੰਡ ਕੁੱਸਾ ਵਿੱਚ ਸਥਿਤ ਘਰ ਬੰਦ ਪਿਆ ਹੈ ਕਿਉਂਕਿ ਉਸਦੇ ਦੂਸਰੇ ਦੋ ਭਰਾ ਗੁਰਦੀਪ ਸਿੰਘ ਗੋਰਾ ਤੇ ਸਮਸ਼ੇਰ ਸਿੰਘ ਵੀ ਫਰੀਦਕੋਟ ਦੀ ਜੇਲ੍ਹ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਬੰਦ ਹਨ। ਉਸ ਦੇ ਮਾਤਾ-ਪਿਤਾ ਘਰ ਵਿੱਚ ਨਹੀਂ ਹਨ। ਉਸ ਦੇ ਘਰ ਅੱਗੇ ਕੁਝ ਸਮਾਂ ਪਹਿਲਾ ਦਿੱਲੀ ਪੁਲਿਸ ਵੱਲੋਂ ਇਕ ਨੋਟਿਸ ਵੀ ਲਗਾਇਆ ਗਿਆ ਹੈ ਜਿਸ ਵਿੱਚ ਉਸ ਨੂੰ ਪੁਲਿਸ ਕੋਲ ਪੇਸ਼ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾ ਇਸ ਪਿੰਡ ਦਾ ਦਵਿੰਦਰ ਬੰਬੀਹਾ ਗਰੁੱਪ ਗੈਂਗਸਟਰ ਸੁਖਪ੍ਰੀਤ ਬੁੱਢਾ ਵੀ ਕਈ ਸਾਲ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀ ਪੁਲਿਸ ਦੀ ਨੀਂਦ ਉਡਾ ਚੁੱਕਾ ਹੈ। ਜਿਸ ਉਤੇ ਵੀ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ ਜੋ ਕਿ ਅੱਜ-ਕੱਲ੍ਹ ਜੇਲ੍ਹ ਵਿੱਚ ਬੰਦ ਹੈ। ਸੁਖਪ੍ਰੀਤ ਬੁੱਢਾ ਵੀ ਪਹਿਲਾ ਗੱਡੀਆਂ ਦਾ ਬਹੁਤ ਵਧੀਆਂ ਮਕੈਨਿਕ ਸੀ ਪਰ ਉਸ ਦੇ ਵੀ ਜੇਲ੍ਹ ਜਾਣ ਤੋਂ ਬਾਅਦ ਹੀ ਦਵਿੰਦਰ ਬੰਬੀਹਾ ਗਰੁੱਪ ਨਾਲ ਨਜ਼ਦੀਕੀਆਂ ਬਣੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਜੇਲ੍ਹ ਜਾਣ ਤੋਂ ਬਾਅਦ ਹੀ ਕਿਉਂ ਅਪਰਾਧੀ ਦੁਨੀਆਂ ਵਿੱਚ ਜਾਂਦੇ ਹਨ? ਇਸ ਬਾਰੇ ਸਰਕਾਰਾਂ ਨੂੰ ਜ਼ਰੂਰ ਸੁਚੇਤ ਹੋਣਾ ਪਵੇਗਾ। ਪਿੰਡ ਕੁੱਸਾ ਪੰਜਾਬ ਦੇ ਨਕਸ਼ੇ ਉਤੇ ਅੰਕਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕ ਘੋਲ਼ਾ ਵਜੋਂ ਜਾਣੇ ਜਾਂਦੇ ਹਨ। ਇਹ ਪਿੰਡ ਸਹਿਤਕਾਰਾਂ, ਕਵੀਸ਼ਰਾਂ, ਢਾਡੀਆਂ ਦੇ ਪਿੰਡ ਵਜੋਂ ਦੇਸ਼- ਵਿਦੇਸ਼ ਵਿੱਚ ਜਾਣਿਆ ਜਾਂਦਾ ਸੀ ਕਿਉਂਕਿ ਇਸ ਪਿੰਡ ਨੇ ਵਿਸ਼ਵ ਪ੍ਰਸਿੱਧ ਲੇਖਕ, ਸਹਿਤਕਾਰ, ਢਾਡੀ ਅਤੇ ਕਵੀਸ਼ਰ ਪੈਦਾ ਕੀਤੇ। ਇਸ ਪਿੰਡ ਨੇ ਵਿਸ਼ਵ ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਵੇਲਾ, ਅਮਰ ਸਿੰਘ ਸ਼ੌਂਕੀ, ਵਿਸ਼ਵ ਪ੍ਰਸਿੱਧ ਨਾਵਲਕਾਰ ਸਿਵਚਰਨ ਜੱਗੀ ਕੁੱਸਾ ਇੰਗਲੈਂਡ, ਕਰਮਜੀਤ ਸਿੰਘ ਕੁੱਸਾ, ਪ੍ਰਸਿੱਧ ਗਾਇਕ ਗੁਰਦੀਪ ਧਾਲੀਵਾਲ ਕੈਨੇਡਾ, ਕਿੱਸਾਕਾਰ ਛੋਟਾ ਸਿੰਘ ਧਾਲੀਵਾਲ, ਕਵੀਸ਼ਰ ਬਾਪੂ ਧਰਮ ਸਿੰਘ ਧਾਲੀਵਾਲ, ਸਿੰਦਰ ਸਿੰਘ, ਇਨਕਲਾਬੀ ਕਵੀ ਉਮ ਪ੍ਰਕਾਰ ਕੁੱਸਾ ਆਦਿ ਪੰਜਾਬ ਦੀ ਝੋਲੀ ਵਿੱਚ ਪਾਏ। ਇਨ੍ਹਾਂ ਸਾਰਿਆਂ ਨੇ ਪੰਜਾਬ ਤੇ ਪੰਜਾਬੀਅਤ ਦੀ ਅਥਾਹ ਸੇਵਾ ਕੀਤੀ ਹੈ। ਇਸ ਪਿੰਡ ਦਾ ਗੀ ਇਕ ਨੌਜਵਾਨ ਆਤਮਾ ਸਿੰਘ 1965 ਦੀ ਜੰਗ ਦਾ ਸ਼ਹੀਦ ਵੀ ਹੈ। ਜਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਲੀਦਾਨ ਦਿੱਤਾ। ਕਿਸਾਨ-ਮਜ਼ਦੂਰ-ਵਿਦਿਆਰਥੀ ਸੰਘਰਸ਼ ਦੇ ਵੱਡੇ ਘੋਲ ਇਸ ਪਿੰਡ ਦੀ ਧਰਤੀ ਤੋਂ ਸ਼ੁਰੂ ਹੋਏ ਤੇ ਲੜੇ ਗਏ ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਇਹ ਵੀ ਪੜ੍ਹੋ : ਪੰਜਾਬ 'ਚ ਤੇਜ਼ ਬਰਸਾਤ ਨੇ ਸੜਕਾਂ 'ਤੇ ਸ਼ਹਿਰ ਨੂੰ ਕੀਤਾ ਜਲਥਲ, ਓਰੇਜ਼ ਅਲਰਟ ਹੋਇਆ ਜਾਰੀ