ਬੰਦੀ ਸਿੰਘਾਂ ਦੀ ਰਿਹਾਈ ਲਈ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ
ਮੋਗਾ : ਥਾਣਾ ਬਾਘਾਪੁਰਾਣਾ ਅਧੀਨ ਪਿੰਡ ਰੋਡੇ ਵਿੱਚ ਅੰਮ੍ਰਿਤਧਾਰੀ ਵਿਅਕਤੀ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਤੇ ਸੂਬੇ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਕਾਨੂੰਨ ਦੀ ਮੰਗ ਨੂੰ ਲੈ ਕੇ ਟਾਵਰ ਉੱਤੇ ਚੜ੍ਹ ਗਿਆ ਹੈ। ਇਸ ਨਾਲ ਪੁਲਿਸ ਵਿੱਚ ਭੱਜ ਦੌੜ ਮਚ ਗਈ। ਉਸ ਦੀ ਮੰਗ ਸੀ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਵੇਰਵਿਆਂ ਅਨੁਸਾਰ ਬਲਵਿੰਦਰ ਸਿੰਘ ਪਿੰਡ ਕੋਕਰੀ ਫੂਲਾ ਸਿੰਘ ਦਾ ਰਹਿਣ ਵਾਲਾ ਹੈ ਅਤੇ ਪਿੰਡ ਰੋਡੇ ਉਸ ਦਾ ਨਾਨਕਾ ਪਿੰਡ ਹੈ। ਉਹ ਅੱਜ ਤੜਕੇ 5 ਵਜੇ ਪਿੰਡ ਰੋਡੇ ਵਿਖੇ ਰਿਲਾਇੰਸ ਮੋਬਾਈਲ ਟਾਵਰ ਉੱਤੇ ਚੜ੍ਹ ਗਿਆ। ਟਾਵਰ ਉੱਤੇ ਝੰਡਾ ਲਗਾ ਕੇ ਬੈਠ ਗਿਆ ਹੈ। ਉਸਦਾ ਮੋਟਰਸਾਈਕਲ ਟਾਵਰ ਹੇਠ ਖੜ੍ਹਾ ਹੈ। ਮੋਟਰਸਾਈਕਲ ਉੱਤੇ ਖਾਲਸਾ ਏਡ ਦਾ ਸਟਿੱਕਰ ਲੱਗਾ ਹੈ। ਇਸ ਵਿਅਕਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਲਿਖੇ ਪੱਤਰ ਵਿੱਚ ਮੰਗਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਅੱਗੇ ਬਾਪੂ ਸੂਰਤ ਸਿੰਘ ਦੀ ਘਰ ਵਾਪਸੀ ਬਾਰੇ ਵੀ ਕਿਹਾ ਹੈ। ਇਸ ਪੱਤਰ ਵਿੱਚ ਟਾਵਰ ਉੱਤੇ ਚੜ੍ਹੇ ਨੌਜਵਾਨ ਨੇ ਦਿਨ-ਬ-ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਨੌਜਵਾਨ ਨੇ ਸਿੱਖ ਕੌਮ ਨੂੰ ਇੱਕ ਘੱਟ ਗਿਣਤੀ ਕੌਮ ਦੱਸਦੇ ਹੋਏ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ ਹੈ। ਨੌਜਵਾਨ ਨੇ ਪੰਜਾਬ ਵਿੱਚ ਆਪਣੇ ਛੋਟੇ ਭਰਾ ਦੀ ਤੇ ਕੇਂਦਰ ਵਿੱਚ ਆਪਣੇ ਵੱਡੇ ਭਰਾ ਦੀ ਸਰਕਾਰ ਦੱਸਦੇ ਹੋਏ ਸਰਕਾਰਾਂ ਤੋਂ ਬਹੁਤ ਆਸ ਦੀ ਗੱਲ ਕਹੀ ਹੈ। ਇਸ ਮੌਕੇ ਪੁਲਿਸ ਦੇ ਉਚ ਅਧਿਕਾਰੀ ਪੁੱਜ ਗਏ ਅਤੇ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਪੜ੍ਹੋ : ਪਾਕਿ ਦੀ ਨਪਾਕ ਹਰਕਤ, ਸਰਹੱਦ 'ਤੇ ਅੱਜ ਫਿਰ ਨਜ਼ਰ ਆਇਆ ਡਰੋਨ