ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਨੇ ਬਣਾਇਆ ਬੰਧਕ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਨੌਜਵਾਨ ਸ਼ਾਨਦਾਰ ਭਵਿੱਖ ਦੀ ਖ਼ਾਤਰ ਜਲੰਧਰ ਦੇ ਟਰੈਵਲ ਏਜੰਟਾਂ ਵਨੂੰ ਚਾਰ-ਚਾਰ ਲੱਖ ਰੁਪਏ ਦੇ ਕੇ ਦੁਬਈ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਏ ਜਿਥੇ ਦੁਬਈ ਵਿੱਚ ਉਨ੍ਹਾਂ ਨੂੰ ਦਰ-ਦਰ ਦੀ ਠੋਕਰਾਂ ਖਾਣੀ ਪੈ ਰਹੀਆਂ ਹਨ ਪਰ ਏਜੰਟਾਂ ਵੱਲੋਂ ਉਨ੍ਹਾਂ ਨੂੰ ਕੰਮ ਨਹੀਂ ਦਿਵਾਇਆ ਜਾ ਰਿਹਾ ਹੈ। ਹੱਦ ਤਾਂ ਉਦੋਂ ਹੋ ਗਈ ਜਦ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਇਕ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ। ਟਰੈਵਲ ਏਜੰਟਾਂ ਨੇ ਉਨ੍ਹਾਂ ਸਾਰਿਆਂ ਦੇ ਨਾਮ ਉਤੇ ਐਪਲ ਦੇ ਮੋਬਾਈ ਖ਼ਰੀਦ ਲਏ। ਇਸ ਗੱਲ ਦਾ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਮੋਬਾਈਲ ਮੈਸੇਜ ਪ੍ਰਾਪਤ ਹੋਇਆ। ਜਦ ਇਸ ਸਬੰਧੀ ਉਨ੍ਹਾਂ ਨੇ ਆਪਣੇ ਟਰੈਵਲ ਏਜੰਟ ਨਾ ਗੱਲਬਾਤ ਕੀਤੀ ਤਾਂ ਉਹ ਨਾਂਹ-ਨੁੱਕਰ ਕਰਨ ਲੱਗੇ। ਫਿਰ ਟਰੈਵਲ ਏਜੰਟਾਂ ਨੇ ਕਿਹਾ ਕਿ ਅਸੀਂ ਆਪਣੇ ਸਭ ਦੇ ਕ੍ਰੈਡਿਟ ਕਾਰਡ ਬਣਵਾਂਗੇ। ਕੁਝ ਲੜਕਿਆਂ ਨੇ ਕ੍ਰੈਡਿਟ ਕਾਰਡ ਬਣਵਾ ਲਏ। ਜਦ ਉਨ੍ਹਾਂ ਨੇ ਮੋਬਾਈਲ ਮੈਸੇਜ ਚੈਕ ਕੀਤਾ ਤਾਂ ਉਨ੍ਹਾਂ ਦੇ ਕ੍ਰੈਡਿਟ ਕਾਰਡ ਤੋਂ 50-50 ਲੱਖ ਰੁਪਏ ਦੇ ਕਰਜ਼ੇ ਏਜੰਟਾਂ ਨੇ ਲਏ ਸਨ। ਜਦ ਇਸ ਬਾਰੇ ਦੁਬਈ ਵਿੱਚ ਉਨ੍ਹਾਂ ਦੇ ਟਰੈਵਲ ਏਜੰਟ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਏਜੰਟਾਂ ਨੇ ਸਾਰਿਆਂ ਦੇ ਪਾਸਪੋਰਟ ਆਪਣੇ ਕੋਲ ਰੱਖ ਲਏ ਤੇ ਫਿਰ ਉਨ੍ਹਾਂ ਨੂੰ ਬੰਧਕ ਬਣਾ ਲਿਆ। ਬੰਧਕ ਬਣਾਏ ਜਾ ਰਹੇ ਨੌਜਵਾਨਾਂ ਨੂੰ ਖਾਣ-ਪੀਣ ਲਈ ਵੀ ਕੁਝ ਨਹੀਂ ਦਿੱਤਾ ਜਾ ਰਿਹਾ ਹੈ। ਬੰਧਕ ਬਣਾਏ ਗਏ ਨੌਜਵਾਨ ਦੀ ਗਿਣਤੀ ਲਗਭਗ 24 ਦੱਸੀ ਜਾ ਰਹੀ ਹੈ। ਪ੍ਰਦੀਪ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਇਕ ਵੀਡੀਓ ਬਣਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਸੂਹਾ ਵਿੱਚ ਇਕ ਪ੍ਰੈਸ ਕਾਨਫਰੰਸ ਵਿੱਚ ਪ੍ਰਦੀਪ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਬੱਚਿਆਂ ਦੀ ਦਰਦ ਭਰੀ ਦਾਸਤਾਨ ਬਿਆਨ ਕੀਤੀ। ਬੰਧਕ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਤਾਂ ਕਿ ਹੋਰ ਨੌਜਵਾਨ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰ ਸਕਣ। ਇਹ ਵੀ ਪੜ੍ਹੋ : ਹਰੇਕ ਬਿੱਲ ’ਤੇ ਮਿਲਣਗੇ 600 ਯੂਨਿਟ ਮੁਫਤ, 51 ਲੱਖ ਪਰਿਵਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ