ਮਾਮੂਲੀ ਵਿਵਾਦ ਮਗਰੋਂ ਨੌਜਵਾਨ 'ਤੇ ਚੜ੍ਹਾਈ ਗੱਡੀ, ਪੀਜੀਆਈ 'ਚ ਹੋਈ ਮੌਤ
ਚੰਡੀਗੜ੍ਹ : ਸੈਕਟਰ-22 ਸਥਿਤ ਹੋਟਲ ਸਨਬੀਨ ਦੇ ਪਿੱਛੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਬੀ.ਐਮ.ਡਬਲਿਊ ਡਰਾਈਵਰ ਨੇ ਪਹਿਲਾਂ ਨੌਜਵਾਨ ਨੂੰ ਬੋਨਟ ਵਿੱਚ ਫਸਾ ਲਿਆ ਫਿਰ ਉਸ ਨੂੰ ਦਰੜ ਕੇ ਫ਼ਰਾਰ ਹੋ ਗਿਆ। ਇਸ ਘਟਨਾ ਵਿੱਚ ਨੌਜਵਾਨ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਡਰਾਈਵਰ ਵਾਸੀ ਨਵਾਂਸ਼ਹਿਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਦਿੱਲੀ ਨੰਬਰ ਦੀ ਗੱਡੀ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸੈਕਟਰ-17 ਥਾਣੇ ਵਿੱਚ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਨਵਾਂਸ਼ਹਿਰ ਦੇ ਗਾਂਧੀ ਨਗਰ ਬੰਗਾ ਦੇ ਰਹਿਣ ਵਾਲੇ ਸਵਪਨ ਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ 24 ਸਾਲਾ ਸ਼ੁਭਮ ਵਾਸੀ ਡੱਡੂਮਾਜਰਾ ਕਲੋਨੀ ਵਜੋਂ ਹੋਈ ਹੈ। ਸੈਕਟਰ-17 ਥਾਣੇ ਦੇ ਅਨੁਸਾਰ 29 ਅਪ੍ਰੈਲ ਦੀ ਰਾਤ ਨੂੰ ਸੈਕਟਰ-29 ਵਾਸੀ ਮਨੀ, ਦੋਸਤ ਸ਼ੁਭਮ, ਤਨਿਸ਼ ਅਤੇ ਮੰਥਨ ਨਾਲ ਸੈਕਟਰ-22 ਦੇ ਠੇਕੇ ਦੇ ਪਿੱਛੇ ਕੈਬ ਬੁੱਕ ਕਰਨ ਲਈ ਖੜ੍ਹੇ ਸਨ। ਇਸ ਦੌਰਾਨ ਦਿੱਲੀ ਨੰਬਰ ਦੀ BMW ਕਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਸ਼ੁਭਮ ਦੀ ਲੱਤ ਨਾਲ ਟਕਰਾ ਗਈ। ਇਸ ਗੱਲ ਨੂੰ ਲੈ ਕੇ ਉਸ ਦਾ ਬੀਐਮਡਬਲਿਊ ਦੇ ਡਰਾਈਵਰ ਨਾਲ ਝਗੜਾ ਹੋ ਗਿਆ। ਕਾਰ ਚਾਲਕ ਨੇ ਸ਼ੁਭਮ ਨੂੰ ਕਾਰ 'ਚ ਸਵਾਰ ਹੋਣ ਦੀ ਗੱਲ ਕਹਿ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਝਗੜੇ ਦੌਰਾਨ ਮੁਲਜ਼ਮ ਨੇ ਕਾਰ ਸਟਾਰਟ ਕਰ ਦਿੱਤੀ। ਜਦੋਂ ਸ਼ੁਭਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਗੱਡੀ ਭਜਾਉਣੀ ਸ਼ੁਰੂ ਕਰ ਦਿੱਤੀ। ਸ਼ੁਭਮ ਕਾਰ ਦੇ ਬੋਨਟ 'ਤੇ ਫਸ ਗਿਆ। ਕੁਝ ਦੂਰ ਜਾ ਕੇ ਸ਼ੁਭਮ ਹੇਠਾਂ ਡਿੱਗ ਗਿਆ। ਇਸ ਦੌਰਾਨ ਕਾਰ ਡਰਾਈਵਰ ਉਸ ਨੂੰ ਦਰੜ ਕੇ ਫ਼ਰਾਰ ਹੋ ਗਿਆ। ਡਾਕਟਰਾਂ ਨੇ ਦੱਸਿਆ ਕਿ ਸ਼ੁਭਮ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਸੋਮਵਾਰ ਨੂੰ ਪੀਜੀਆਈ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਨੀ ਖੋਸਲਾ ਦੇ ਬਿਆਨ ਉਤੇ ਕਾਰਵਾਈ ਕੀਤੀ ਹੈ। ਹੋਟਲ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ 'ਚ ਦਿੱਲੀ ਨੰਬਰ ਦੀ BMW ਸਵਾਰ ਮੁਲਜ਼ਮ ਦੀ ਇਹ ਹਰਕਤ ਨਜ਼ਰ ਆਈ ਹੈ। ਇਹ ਵੀ ਪੜ੍ਹੋ : ਸਿੱਧੂ ਮਗਰੋਂ ਹੁਣ ਰਾਜਪਾਲ ਨੂੰ ਮਿਲਣਗੇ ਰਾਜਾ ਵੜਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ