ਪਿੰਡ ਨੰਗਲ ਪੰਨਵਾਂ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮਜੀਠਾ : ਪਿੰਡ ਨੰਗਲ ਪੰਨਵਾਂ ਦੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਸੋਹਣ ਲਾਲ ਨੇ ਥਾਣਾ ਮਜੀਠਾ ਵਿੱਚ ਸ਼ਿਕਾਇਤ ਦਰਜ ਕਰਾਉਦਿਆਂ ਦੱਸਿਆ ਕਿ ਪਿੰਡ ਨਾਗਖੁਰਦ ਦੇ ਵਸਨੀਕ ਮਨਦੀਪ ਸਿੰਘ ਨੇ ਉਸ ਦੇ ਪੁੱਤਰ ਰਾਘਵ ਸ਼ਰਮਾ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਡੇਢ ਲੱਖ ਰੁਪਏ ਠੱਗੇ। ਮਨਦੀਪ ਸਿੰਘ ਨਾਮਕ ਨੌਜਵਾਨ ਨੇ ਨਗਰ ਨਿਗਮ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਰਾਘਵ ਤੋਂ ਸਾਢੇ ਤਿੰਨ ਲੱਖ ਰੁਪਏ ਲਏ ਸਨ। ਇਸ ਤੋਂ ਪਰੇਸ਼ਾਨ ਹੋ ਕੇ ਉਸ ਦੇ ਪੁੱਤਰ ਨੇ ਬੀਤੀ ਰਾਤ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ ਹੈ। ਪੁਲਿਸ ਨੇ ਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਅੱਜ ਮ੍ਰਿਤਕ ਦੇ ਪਿਤਾ ਸੋਹਣ ਲਾਲ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਮਜੀਠਾ ਅੱਗੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਮਾਹੌਲ ਤਣਾਅਪੂਰਨ ਹੋ ਗਿਆ। ਧਰਨਾਕਾਰੀਆਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਆਵਾਜਾਈ ਠੱਪ ਕਰ ਦਿੱਤੀ। ਧਾਰਨਾਕਾਰੀਆਂ ਨੇ ਇਲਜ਼ਾਮ ਲਾਇਆ ਕਿ ਰਾਘਵ ਸ਼ਰਮਾ ਤੇ ਉਸ ਦੇ ਚਾਚੇ ਦਾ ਲੜਕਾ ਅਕਾਸ਼ ਚੰਦਰ 1 ਜੁਲਾਈ ਨੂੰ ਆਪਣੇ ਨਾਲ ਵੱਜੀ ਠੱਗੀ ਦੀ ਮਨਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਗਏ, ਉਥੇ ਮੌਜੂਦ ਪੁਲਿਸ ਮੁਲਾਜ਼ਮ ਨੇ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਮੰਗ ਕੀਤੀ ਪੁਲਿਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡੀਐੱਸਪੀ ਮਜੀਠਾ ਮਨਮੋਹਣ ਸਿੰਘ ਔਲਖ ਨੇ ਧਰਨਾਕਾਰੀਆਂ ਦੀ ਮੰਗ ਉਤੇ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਵਾ ਕੇ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਣ ਬਾਅਦ ਧਰਨਾਕਾਰੀਆਂ ਨੇ ਆਵਾਜਾਈ ਬਹਾਲ ਕੀਤੀ। ਪੁਲਸ ਨੇ ਮਨਦੀਪ ਖਿਲਾਫ ਧੋਖਾਧੜੀ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਪੁਲਿਸ ਨੇ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਗੁੱਥੀ ਸੁਲਝਾਈ, ਚਾਰ ਗ੍ਰਿਫ਼ਤਾਰ