ਤਲਾਸ਼ੀ ਨੂੰ ਲੈ ਕੇ ਨੌਜਵਾਨ ਦੀ ਪੁਲਿਸ ਨਾਲ ਹੋਈ ਬਹਿਸ, ਚੱਲੀ ਗੋਲੀ, ਜਾਣੋ ਮਾਮਲਾ
ਡੇਰਾਬਸੀ: ਪੰਜਾਬ ਵਿਚ ਕਤਲ, ਲੜਾਈ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪੰਜਾਬ ਵਿਚ ਦਿਨੋ ਦਿਨ ਅਮਨ ਸ਼ਾਂਤੀ, ਕਾਨੂੰਨ ਵਿਵਸਥਾ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਵਿਚਾਲੇ ਅੱਜ ਅਜਿਹੀ ਹੀ ਖ਼ਬਰ ਡੇਰਾਬਸੀ ਤੋਂ ਸਾਹਮਣੇ ਆਈ ਜਿਥੇ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਇਕ ਨੌਜਵਾਨ ਦੀ ਤਲਾਸ਼ੀ ਲੈਣ ਨੂੰ ਲੈ ਕੇ ਪੁਲੀਸ ਅਤੇ ਕੁਝ ਨੌਜਵਾਨਾਂ ਦੀ ਤਕਰਾਰ ਹੋ ਗਈ। ਤਕਰਾਰ ਐਨੀ ਵਧ ਗਈ ਕਿ ਪੁਲਿਸ ਨੂੰ ਗੋਲੀ ਚਲਾਉਣੀ ਪੈ ਗਈ। ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਝਗੜੇ ਵਿੱਚ ਦੋਵੇਂ ਭੈਣਾਂ ਦੇ ਸੱਟਾਂ ਲੱਗੀਆਂ, ਜਦੋਂਕਿ ਕਾਂਸਟੇਬਲ ਸਾਬਰਦੀਨ ਨੂੰ ਵੀ ਸੱਟਾਂ ਲੱਗੀਆਂ। ਚਾਰਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੋਂ ਉਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਰਾਤ ਸਾਢੇ 9 ਵਜੇ ਦੇ ਕਰੀਬ ਵਾਪਰੀ। ਤਰਨਤਾਰਨ ਵਾਸੀ ਅਕਸ਼ੈ ਅਨੁਸਾਰ ਉਹ ਆਪਣੀ ਪਤਨੀ ਪੂਜਾ ਅਤੇ ਭਰਜਾਈ ਦਿਵਿਆ ਨਾਲ ਆਈਸਕ੍ਰੀਮ ਖਾ ਰਿਹਾ ਸੀ। ਇਸੇ ਦੌਰਾਨ ਪੁਲੀਸ ਦੀ ਗਸ਼ਤ ਵਾਲੀ ਗੱਡੀ ਆਈ, ਜਿਸ ਵਿੱਚ 3 ਵਿਅਕਤੀ ਸਵਾਰ ਸਨ। ਐਸ.ਆਈ ਬਲਵਿੰਦਰ ਸਿੰਘ ਨੇ ਆ ਕੇ ਉਸ ਨੂੰ ਬੈਗ ਦੀ ਤਲਾਸ਼ੀ ਲੈਣ ਲਈ ਕਿਹਾ। ਜਦੋਂ ਪਤਨੀ ਪੂਜਾ ਨੇ ਵਿਰੋਧ ਕੀਤਾ ਤਾਂ ਪੁਲਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਅਕਸ਼ੈ ਮੁਤਾਬਕ ਉਹ ਭੱਜ ਕੇ ਪੂਜਾ ਦੀ ਮਾਂ ਅਤੇ ਉਸ ਦੇ ਭਰਾ ਹਿਤੇਸ਼ ਨੂੰ ਘਰੋਂ ਬੁਲਾ ਲਿਆ। ਇਹ ਵੀ ਪੜ੍ਹੋ: ਪਟਿਆਲਾ 'ਚ ਕੋਵਿਡ ਨੇ ਫੜੀ ਰਫ਼ਤਾਰ, ਮੈਡੀਕਲ ਕਾਲਜ 'ਚ ਹੁਣ ਤੱਕ 13 ਵਿਦਿਆਰਥੀ ਕੋਰੋਨਾ ਪੌਜ਼ਟਿਵ ਪੁਲਸ ਦੀ ਜਾਣਕਾਰੀ ਮੁਤਾਬਿਕ ਉਹ ਪੁਲੀਸ ਪਾਰਟੀ ਨਾਲ ਹੈਬਤਪੁਰ ਰੋਡ ’ਤੇ ਗਸ਼ਤ ਕਰ ਰਹੇ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਪਿੱਠੂ ਬੈੱਗ ਟੰਗੇ ਇਕ ਨੌਜਵਾਨ ਅਤੇ ਕੁੜੀ ਨੂੰ ਪੁੱਛਗਿਛ ਕੀਤੀ। ਜਦ ਨੌਜਵਾਨ ਦੇ ਬੈੱਗ ਦੀ ਤਲਾਸ਼ੀ ਲੈਣ ਦੀ ਗੱਲ ਆਖੀ ਤਾਂ ਉਸਦੇ ਨਾਲ ਖੜ੍ਹੀ ਕੁੜੀ ਪੁਲਿਸ ਨਾਲ ਖਹਿਬੜ ਪਈ। ਇਸ ਦੌਰਾਨ ਗਰਮਾ ਗਰਮੀ ਹੋ ਗਈ ਅਤੇ ਨੌਜਵਾਨ ਨੇ ਉਥੇ ਆਪਣੇ ਸਾਥੀ ਸੱਦ ਲਏ ਜਿਨ੍ਹਾਂ ਨੇ ਆਉਂਦੇ ਹੀ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਪੁਲੀਸ ਦੀ ਗੱਡੀ ਭੰਨ ਦਿੱਤੀ। ਪੁਲੀਸ ਪਾਰਟੀ ਮੌਕੇ ਤੋਂ ਆਪਣੀ ਜਾਨ ਬਚਾ ਕੇ ਭੱਜਣ ਲੱਗੀ ਤਾਂ ਉਨ੍ਹਾਂ ਨੇ ਪਿੱਛੇ ਭੱਜ ਕੇ ਪੁਲੀਸ ਪਾਰਟੀ ਨੂੰ ਘੇਰ ਲਿਆ। ਉਸ ਵਲੋਂ ਆਪਣੀ ਅਤੇ ਪੁਲੀਸ ਪਾਰਟੀ ਦੀ ਜਾਨ ਬਚਾਉਣ ਲਈ ਪਹਿਲਾਂ ਡਰਾਉਣ ਲਈ ਇਕ ਹਵਾਈ ਫਾਇਰ ਕੀਤਾ ਪਰ ਜਦ ਉਹ ਪਿੱਛੇ ਨਹੀਂ ਹਟੇ ਤਾਂ ਮਜ਼ਬੂਰੀ 'ਚ ਇਕ ਵਿਅਕਤੀ ਦੇ ਪੈਰ ਵਿੱਚ ਗੋਲੀ ਚਲਾਉਣੀ ਪਈ ਜਿਸ ਨਾਲ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। -PTC News