ਯਸ਼ਵੰਤ ਸਿਨਹਾ ਨੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਕੀਤੀ ਦਾਖ਼ਲ
ਨਵੀਂ ਦਿੱਲੀ : ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਵਿਰੋਧੀ ਧਿਰ ਨੇ ਇਸ ਦੌਰਾਨ ਆਪਣੀ ਤਾਕਤ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਯਸ਼ਵੰਤ ਸਿਨਹਾ ਦੀ ਨਾਮਜ਼ਦਗੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਸ਼ਰਦ ਪਵਾਰ, ਰਾਹੁਲ ਗਾਂਧੀ ਤੋਂ ਲੈ ਕੇ ਅਖਿਲੇਸ਼ ਯਾਦਵ ਮੌਜੂਦ ਸਨ। ਇਸ ਦੇ ਨਾਲ ਹੀ ਕਾਂਗਰਸ ਤੋਂ ਮਲਿਕਾਰਜੁਨ ਖੜਗੇ ਵੀ ਸ਼ਾਮਲ ਹੋਏ, ਜਦਕਿ ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਰਾਮ ਗੋਪਾਲ ਯਾਦਵ ਪੂਰੀ ਪ੍ਰਕਿਰਿਆ ਦੌਰਾਨ ਮੌਜੂਦ ਸਨ। ਇਸ ਤੋਂ ਇਲਾਵਾ ਆਰ.ਐਲ.ਡੀ ਦੇ ਜਯੰਤ ਚੌਧਰੀ ਸਮੇਤ ਐਨ.ਕੇ.ਪ੍ਰੇਮਚੰਦਰਨ (ਆਰ.ਐਸ.ਪੀ.), ਫਾਰੂਕ ਅਬਦੁੱਲਾ (ਐਨ.ਸੀ.), ਏ ਰਾਜਾ. ਟੀ ਸਿਵਾ (ਡੀਐਮਕੇ), ਡੀ ਰਾਜਾ (ਸੀਪੀਆਈ), ਕੇਟੀ ਰਾਓ (ਟੀਆਰਐਸ) ਅਤੇ ਨਮਾ ਨਾਗੇਸ਼ਵਰ ਰਾਓ (ਟੀਆਰਐਸ) ਵੀ ਮੌਜੂਦ ਸਨ। ਰਾਸ਼ਟਰਪਤੀ ਚੋਣਾਂ ਵਿੱਚ ਯੂਪੀਏ ਕੋਲ ਗਿਣਤੀ ਬਹੁਤ ਘੱਟ ਹੈ ਪਰ ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਉਮੀਦਵਾਰ ਨੂੰ ਘੱਟ ਨਾ ਸਮਝਿਆ ਜਾਵੇ। ਜ਼ਿਕਰਯੋਗ ਹੈ ਕਿ ਸ਼ੁਰੂ ਤੋਂ ਹੀ ਐਨਡੀਏ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਵੋਟਾਂ ਦੀ ਗਿਣਤੀ ਉਤੇ ਨਜ਼ਰ ਮਾਰੀਏ ਤਾਂ ਐਨਡੀਏ ਕੋਲ ਕੁੱਲ 5.26 ਲੱਖ ਵੋਟਾਂ ਹਨ, ਜੋ ਕੁੱਲ ਵੋਟਾਂ ਦਾ ਲਗਪਗ 49 ਫ਼ੀਸਦੀ ਬਣਦੀਆਂ ਹਨ। ਇਸ ਦੇ ਨਾਲ ਹੀ ਐਨਡੀਏ ਨੂੰ ਜਿੱਤਣ ਲਈ ਇੱਕ ਫ਼ੀਸਦੀ ਦਾ ਅੰਕੜਾ ਵਧਾਉਣਾ ਪਵੇਗਾ ਜਿਸ ਲਈ ਇਹ ਬਾਹਰੀ ਪਾਰਟੀ ਦੀ ਖੇਡ ਬਣੀ ਰਹੀ। ਵੈਸੇ ਬੀਜੇਡੀ ਅਤੇ ਬਸਪਾ ਨੇ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਐਨਡੀਏ ਉਮੀਦਵਾਰ ਦੀ ਜਿੱਤ ਲਗਭਗ ਤੈਅ ਹੈ। ਜ਼ਿਕਰਯੋਗ ਹੈ ਕਿ ਯਸ਼ਵੰਤ ਸਿਨਹਾ ਦਾ ਜਨਮ 6 ਨਵੰਬਰ 1937 ਨੂੰ ਪਟਨਾ ਦੇ ਇੱਕ ਕਾਯਸਥ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ 1960 ਤੱਕ ਪਟਨਾ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਕੰਮ ਕੀਤਾ। ਇਸ ਦੇ ਨਾਲ ਹੀ ਯਸ਼ਵੰਤ ਸਿਨਹਾ 1986 ਵਿੱਚ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ। ਉਹ 1988 ਵਿੱਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਸਨ। ਇਸ ਦੇ ਨਾਲ ਹੀ 1989 ਵਿੱਚ ਜਨਤਾ ਦਲ ਨਾਲ ਪਾਰਟੀ ਦੇ ਗਠਜੋੜ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਉਣ ਦਾ ਐਲਾਨ ਕੀਤਾ ਗਿਆ। ਯਸ਼ਵੰਤ ਨੇ 1990-91 ਵਿੱਚ ਚੰਦਰਸ਼ੇਖਰ ਸਰਕਾਰ ਵਿੱਚ ਵਿੱਤ ਮੰਤਰੀ ਵਜੋਂ ਵੀ ਕੰਮ ਕੀਤਾ ਸੀ, ਫਿਰ ਉਹ 1998 ਤੋਂ 2002 ਤੱਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਸਨ। ਉਨ੍ਹਾਂ ਨੇ 2002 ਵਿੱਚ ਵਿਦੇਸ਼ ਮੰਤਰਾਲੇ ਦਾ ਅਹੁਦਾ ਵੀ ਸੰਭਾਲਿਆ ਸੀ। ਯਸ਼ਵੰਤ ਸਿਨਹਾ ਨੇ 2009 'ਚ ਭਾਜਪਾ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਲ 2018 ਵਿੱਚ ਭਾਜਪਾ ਛੱਡਣ ਤੋਂ ਬਾਅਦ, ਉਹ 2021 ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਵਿੱਚ ਸ਼ਾਮਲ ਹੋ ਗਏ। ਇਹ ਵੀ ਪੜ੍ਹੋ : SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀ