ਰਾਸ਼ਟਰਮੰਡਲ ਖੇਡਾਂ 'ਚ ਪਹਿਲਵਾਨ ਪੂਜਾ ਸਿਹਾਗ 'ਤੇ ਟੁੱਟਿਆ ਦੁੱਖ ਦਾ ਪਹਾੜ, ਪਤੀ ਅਜੈ ਨੰਦਲ ਦੀ ਹੋਈ ਮੌਤ
Wrestler Pooja Sihag Husband Death: ਰੋਹਤਕ ਵਿੱਚ ਅੱਜ ਤਿੰਨ ਪਹਿਲਵਾਨਾਂ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇੱਕ ਪਹਿਲਵਾਨ ਦੀ ਮੌਤ ਅਤੇ ਦੋ ਦੀ ਹਾਲਤ ਨਾਜ਼ੁਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਜੈ ਨੰਦਲ ਪਿੰਡ ਗੜ੍ਹੀ ਬੋਹੜ ਵਜੋਂ ਹੋਈ ਹੈ। ਅਜੈ ਨੰਦਲ ਪੂਜਾ ਨੰਦਲ ਸਿਹਾਗ ਦੇ ਪਤੀ ਹਨ। ਮਹਿਲਾ ਪਹਿਲਵਾਨ ਪੂਜਾ ਨੰਦਲ ਨੇ ਇੰਗਲੈਂਡ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਕੁਸ਼ਤੀ ਵਿੱਚ 76 ਕਿਲੋ ਭਾਰ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਕਾਂਸੀ ਦਾ ਤਗਮਾ ਜਿੱਤਣ ਦੀ ਖੁਸ਼ੀ ਅਜੇ ਵੀ ਘੱਟ ਨਹੀਂ ਹੋਈ ਸੀ ਕਿ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪਤੀ ਦੀ ਮੌਤ ਹੋ ਜਾਣ ਕਾਰਨ ਸਾਰੀਆਂ ਖੁਸ਼ੀਆਂ ਸੁਆਹ ਹੋ ਗਈਆਂ। ਪੂਜਾ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਦੋਵੇਂ ਪਤੀ-ਪਤਨੀ ਕੁਸ਼ਤੀ ਦੇ ਚੰਗੇ ਪਹਿਲਵਾਨ ਰਹੇ ਹਨ। ਅਜੈ ਇੱਕ ਰਾਸ਼ਟਰੀ ਪਹਿਲਵਾਨ ਹੈ ਅਤੇ ਪੂਜਾ ਇੱਕ ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਹੈ। ਮ੍ਰਿਤਕ ਅਜੈ ਨੰਦਲ ਸਪੋਰਟਸ ਕੋਟੇ ਤੋਂ ਸੀਆਈਐਸਐਫ ਵਿੱਚ ਕਾਂਸਟੇਬਲ ਵਜੋਂ ਕੰਮ ਕਰਦਾ ਸੀ। ਇਹ ਵੀ ਪੜ੍ਹੋ: Asia Cup 2022: ਏਸ਼ੀਆ ਕੱਪ 'ਚ ਅੱਜ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ DETAIL ਅਜੈ ਦੀ ਮੌਤ ਤੋਂ ਬਾਅਦ ਇਹ ਖਬਰ ਪੂਰੇ ਪਿੰਡ ਦੇ ਨਾਲ-ਨਾਲ ਪੂਰੇ ਸੂਬੇ 'ਚ ਤੇਜੀ ਨਾਲ ਪਹੁੰਚ ਰਹੀ ਹੈ, ਜਿਸ ਨੇ ਵੀ ਉਸ ਦੀ ਮੌਤ ਦੀ ਖਬਰ ਸੁਣੀ, ਉਹ ਹੈਰਾਨ ਰਹਿ ਗਿਆ। ਅਜੈ ਨੰਦਲ ਮੇਹਰ ਸਿੰਘ ਅਖਾੜੇ ਵਿੱਚ ਅਭਿਆਸ ਕਰਦੇ ਸਨ। ਇਹ ਘਟਨਾ ਜਾਟ ਕਾਲਜ ਨੇੜੇ ਦੱਸੀ ਜਾ ਰਹੀ ਹੈ। ਅਜੈ ਨੰਦਲ ਦੀ ਆਲਟੋ ਐਚ.ਆਰ.12 ਆਰ 2941 ਵਿੱਚ ਤਿੰਨੋਂ ਦੋਸਤਾਂ ਪਹਿਲਵਾਨ ਅਜੈ, ਰਿੰਕੂ, ਸੋਨੂੰ ਨੂੰ ਮਿਲ ਕੇ ਕੁਝ ਨਸ਼ੇ ਕਰ ਲਏ। ਤਿੰਨਾਂ ਨੇ ਨਸ਼ੇ ਦੀ ਓਵਰਡੋਜ਼ ਲੈ ਲਈ। ਓਵਰਡੋਜ਼ ਲੈਣ ਤੋਂ ਬਾਅਦ ਤਿੰਨੋਂ ਬੇਹੋਸ਼ ਹੋ ਗਏ। ਜਦੋਂ ਕਿਸੇ ਹੋਰ ਸਾਥੀ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਿੱਲੀ ਬਾਈਪਾਸ ਨੇੜੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਜਦੋਂ ਤੱਕ ਅਜੇ ਹਸਪਤਾਲ ਪਹੁੰਚਿਆ, ਉਸ ਦੀ ਮੌਤ ਹੋ ਚੁੱਕੀ ਸੀ। ਬਾਕੀ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਪਹਿਲਵਾਨ ਨੂੰ ਉਸ ਦੇ ਰਿਸ਼ਤੇਦਾਰਾਂ ਵੱਲੋਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਜਦਕਿ ਇੱਕ ਹੋਰ ਪਹਿਲਵਾਨ ਰੋਹਤਕ ਦੇ ਇਸ ਹਸਪਤਾਲ ਵਿੱਚ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ, ਪਰਿਵਾਰ ਨੂੰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। -PTC News