ਵਿਸ਼ਵ ਪ੍ਰਸਿੱਧ ਸਿੱਖ ਹਸਤੀਆਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ - ਐਡਵੋਕੇਟ ਧਾਮੀ
ਅੰਮ੍ਰਿਤਸਰ, 6 ਸਤੰਬਰ: ਭਾਰਤੀ ਕ੍ਰਿਕਟ ਟੀਮ ਦੇ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਵਿਰੁੱਧ ਸੋਸ਼ਲ ਮੀਡੀਆ ਉੱਤੇ ਨਫ਼ਰਤੀ ਟਿੱਪਣੀਆਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਵਰਤਾਰਾ ਪੂਰੇ ਵਿਸ਼ਵ ਲਈ ਬੇਹੱਦ ਖ਼ਤਰਨਾਕ ਹੈ ਅਤੇ ਜੇਕਰ ਕਿਸੇ ਕੌਮ ਦੇ ਅਨੁਆਈਆਂ ਦੇ ਚਰਿੱਤਰ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਸਖ਼ਤੀ ਨਾਲ ਰੋਕਣ ਲਈ ਵਿਸ਼ਵ ਪੱਧਰੀ ਆਮ ਰਾਇ ਨਾ ਬਣਾਈ ਗਈ ਤਾਂ ਆਉਣ ਵਾਲੇ ਸਮੇਂ ਅੰਦਰ ਮਨੁੱਖੀ ਭਾਈਚਾਰੇ ਵਿਚ ਤਰੇੜਾਂ ਆਉਣੀਆਂ ਸੁਭਾਵਿਕ ਹਨ। ਉਨ੍ਹਾਂ ਕਿਹਾ ਕਿ ਮਾਨਵੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੇ ਇਸ ਨਫ਼ਰਤੀ ਵਰਤਾਰੇ ਵਿਰੁੱਧ ਯੂ.ਐੱਨ.ਓ ਨੂੰ ਦਖਲ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਮਾਨਵ ਵਿਰੋਧੀ ਸੁਰਾਂ ਖਿਲਾਫ ਕਰੜੇ ਨਿਯਮ ਤੈਅ ਕਰਨੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਅਰਸ਼ਦੀਪ ਸਿੰਘ ਨੂੰ ਜਾਣਬੁੱਝ ਕੇ ਨਫ਼ਰਤ ਦਾ ਸ਼ਿਕਾਰ ਬਣਾਇਆ ਗਿਆ ਹੈ ਜਦਕਿ ਉਸਦੀ ਕਾਰਗੁਜਾਰੀ ਬਾਕੀਆਂ ਨਾਲੋਂ ਕਿਤੇ ਬਿਹਤਰ ਰਹੀ। ਉਨ੍ਹਾਂ ਆਖਿਆ ਕਿ ਖੇਡਾਂ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਇੱਕ ਅਹਿਮ ਮਾਧਿਅਮ ਹਨ ਅਤੇ ਜੇਕਰ ਖਿਡਾਰੀਆਂ ਨੂੰ ਹੀ ਘਿਰਣਾ ਭਰੀ ਸੋਚ ਅਧੀਨ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਤਾਂ ਇਸ ਖੇਤਰ ਵਿੱਚ ਉਦਾਸੀਨਤਾ ਦਾ ਮਾਹੌਲ ਬਣੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੀ ਕਾਰਗੁਜਾਰੀ ਨੂੰ ਜਾਣਬੁੱਝ ਕੇ ਨੀਵਾਂ ਦਿਖਾਉਣਾ ਅਤੇ ਉਸ ਵਿਰੁੱਧ ਕੂੜ ਪ੍ਰਚਾਰ ਕਰਨਾ ਸਿੱਖਾਂ ਦੀਆਂ ਦੇਸ਼ ਲਈ ਅਤੇ ਵਿਸ਼ਵ-ਪੱਧਰੀ ਪ੍ਰਾਪਤੀਆਂ ਨੂੰ ਨੀਵਾਂ ਦਿਖਾਉਣ ਦੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸ਼ਰਾਰਤੀ ਅਨਸਰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਪਰ ਇਹ ਵੀ ਸੱਚ ਹੈ ਕਿ ਸ਼ਰਾਰਤੀ ਲੋਕ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਉਤੇ ਚੱਲਣ ਵਾਲੇ ਸਿੱਖਾਂ ਨੂੰ ਅੱਗੇ ਵਧਣ ਤੋਂ ਰੋਕਣ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜਿਹੇ ਮਾਨਵਤਾ-ਵਿਰੋਧੀ ਲੋਕਾਂ ਨੂੰ ਇਤਿਹਾਸ ਪੜ੍ਹ ਕੇ ਜਰੂਰ ਜਾਣ ਲੈਣਾ ਚਾਹੀਦਾ ਹੈ ਕਿ ਸਿੱਖਾਂ ਨੇ ਹਰ ਖੇਤਰ ਅੰਦਰ ਦੇਸ਼ ਦਾ ਨਾਂ ਚਮਕਾਇਆ ਹੈ ਅਤੇ ਵਿਸ਼ਵ-ਪੱਧਰ `ਤੇ ਵੀ ਵੱਡੀਆਂ ਪ੍ਰਾਪਤੀਆਂ ਸਰ ਕੀਤੀਆਂ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖਾਸ ਤੌਰ ਅਪੀਲ ਕੀਤੀ ਕਿ ਸਿੱਖਾਂ ਵਿਰੁੱਧ ਬਣਾਏ ਜਾ ਰਹੇ ਮਾਹੌਲ ਦੀ ਸਮੀਖਿਆ ਕਰਕੇ ਇਸ ਸਾਜਿਸ਼ ਦੀ ਜੜ੍ਹ ਨੂੰ ਫੜਨ ਅਤੇ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਨ ਵਾਲੇ ਲੋਕਾਂ ਦੀ ਸ਼ਨਾਖਤ ਕਰਕੇ ਮਿਸਾਲੀ ਸਜ਼ਾਵਾਂ ਦੇਣ। ਇਹ ਵੀ ਪੜ੍ਹੋ: ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਪਪੀਤਾ ਨੇ ਨਹੀਂ ਮੰਨੀ ਹਾਰ, ਆਈਏਐਸ ਦੀ ਕਰ ਰਹੀ ਹੈ ਤਿਆਰੀ -PTC News