ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਜਪਾ 'ਚ ਹੋਵੇਗੀ ਸ਼ਾਮਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਵਿਚਾਲੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਸਿਆਸੀ ਲੀਡਰ, ਕਲਾਕਾਰ ਅਤੇ ਅਦਾਕਾਰ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਹੁਣ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਅੱਜ ਭਾਜਪਾ ਦਾ ਪੱਲਾ ਫੜਨ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਿਛਲੇ ਮਹੀਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਪੰਜਾਬ ਦਾ ਇੱਕ ਵਿਧਾਇਕ ਉਨ੍ਹਾਂ 'ਤੇ ਮਾਸੂਮ ਲੜਕੇ ਨੂੰ ਫਸਾਉਣ ਲਈ ਦਬਾਅ ਪਾ ਰਿਹਾ ਹੈ। ਇਸ ਦੌਰਾਨ ਉੁਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਉਸ ਦਾ ਨਾਂ ਜਨਤਕ ਕਰ ਦਿੰਦੀ ਹਾਂ ਤਾਂ ਚੋਣਾਂ 'ਚ ਕਿਸੇ ਪਾਰਟੀ ਦਾ 5 ਫੀਸਦੀ ਵੋਟ ਬੈਂਕ ਖਿਸਕ ਜਾਵੇਗਾ ਤੇ ਪੰਜਾਬ ਦੀ ਰਾਜਨੀਤੀ 'ਚ ਭੂਚਾਲ ਆ ਜਾਵੇਗਾ। ਗੌਰਤਲਬ ਹੈ ਕਿ ਮਨੀਸ਼ਾ ਗੁਲਾਟੀ ਉਦੋਂ ਸੁਰਖੀਆਂ 'ਚ ਆਏ ਸਨ ,ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ। ਉਸ ਵੇਲੇ ਚੰਨੀ 'ਤੇ Me Too ਦਾ ਇਲਜ਼ਾਮ ਲੱਗਾ ਸੀ। ਕੈਪਟਨ ਸਰਕਾਰ ਵੇਲੇ ਪਹਿਲਾਂ ਮਨੀਸ਼ਾ ਗੁਲਾਟੀ ਨੇ ਵੀ ਇਸ ਮਾਮਲੇ ਉਤੇ ਚੰਨੀ ਨੂੰ ਘੇਰਿਆ ਸੀ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਮਨੀਸ਼ਾ ਗੁਲਾਟੀ ਨੇ ਕਾਰਵਾਈ ਨਾ ਹੋਣ ਉਤੇ ਧਰਨੇ ਉਤੇ ਬੈਠਣ ਦੀ ਵੀ ਚਿਤਾਵਨੀ ਦਿੱਤੀ ਸੀ, ਪਰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਇਸ ਮਸਲੇ 'ਤੇ ਚੁੱਪੀ ਧਾਰ ਲਈ ਸੀ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਮਸ਼ਹੂਰ ਹਸਤੀਆਂ ਸਿਆਸਤ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਚੋਣ ਵੀ ਲੜ ਰਹੀਆਂ ਹਨ ਤੇ ਕੁਝ ਪਾਰਟੀਆਂ ਲਈ ਪ੍ਰਚਾਰ ਕਰ ਰਹੀਆਂ ਹਨ। ਹਾਲ ਹੀ ਵਿੱਚ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ਵਿੱਚ ਸ਼ਾਮਲ ਹਨ। ਇਥੇ ਪੜ੍ਹੋ ਹੋਰ ਖ਼ਬਰਾਂ: ਕੇਜਰੀਵਾਲ ਅਤੇ AAP ਨੇ ਚੋਣ ਕਮਿਸ਼ਨ ਨੂੰ ਹੀ ਦਿੱਤਾ ਧੋਖਾ, ਹੋਣੀ ਚਾਹੀਦੀ ਹੈ ਸਖ਼ਤ ਕਾਰਵਾਈ: ਅਕਾਲੀ ਦਲ -PTC News