ਪੁਲਿਸ ਦੇ ਰੁੱਖੇ ਰਵੱਈਏ ਤੋਂ ਦੁਖੀ ਔਰਤ ਵੱਲੋਂ ਆਪਣੇ ਬੱਚਿਆਂ ਨੂੰ ਲੈ ਕੇ ਮਾਹਿਲਪੁਰ ਥਾਣੇ ਅੱਗੇ ਧਰਨਾ
ਯੋਗੇਸ਼, (ਮਾਹਿਲਪੁਰ, 31 ਮਈ): 24 ਮਈ ਨੂੰ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਰਾਮਪੁਰ ਸੈਣੀਆਂ ਵਿਖੇ ਇੱਕ ਔਰਤ ਦੀ ਉਸ ਦੇ ਸਹੁਰਾ ਪਰਵਾਰ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਔਰਤ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਤੋਂ ਦੁਖੀ ਹੋ ਕੇ ਥਾਣੇ ਦੇ ਮੁੱਖ ਗੇਟ ਅੱਗੇ ਆਪਣੇ ਦੋ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇਨਸਾਫ਼ ਲੈਣ ਲਈ ਧਰਨਾ ਲਾ ਦਿੱਤਾ। ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ 'ਚ ਕਿਸੇ ਬੰਦੀ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਬਣਾਇਆ ਜਾਵੇ ਪੰਥ ਦਾ ਸਾਂਝਾ ਉਮੀਦਵਾਰ ਇਕੱਲੀ ਔਰਤ ਅਤੇ ਦੋ ਛੋਟੇ ਬੱਚੇ ਡੇਢ ਘੰਟਾ ਥਾਣੇ ਅੱਗੇ ਇਨਸਾਫ਼ ਲਈ ਬੈਠੇ ਰਹੇ ਪਰੰਤੂ ਕਿਸੇ ਨੇ ਵੀ ਉਨ੍ਹਾਂ ਦੀ ਪੁੱਛ ਪੜਤਾਲ ਨਾ ਕੀਤੀ ਤਾਂ ਆਖੀਰ ਉੱਥੋਂ ਲੰਘ ਰਹੇ ਬਸਪਾ ਦੇ ਸਿਟੀ ਪ੍ਰਧਾਨ ਚਮਨ ਲਾਲ ਟੂਟੋਮਜਾਰਾ ਨੇ ਗੱਲਬਾਤ ਕਰ ਕੇ ਥਾਣੇ ਅੱਗੋਂ ਧਰਨਾ ਖ਼ਤਮ ਕਰਵਾ ਕੇ ਪੁਲਿਸ ਨੂੰ ਜਲਦੀ ਕਾਰਵਾਈ ਕਰਨ ਦੀ ਤਾਈਦ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਧਰਨਾ ਦੇ ਰਹੀ ਮਨਜੀਤ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਰਾਮਪੁਰ ਸੈਣੀਆਂ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਅਜੈਬ ਸਿੰਘ ਵਿਰੁੱਧ ਦਾਜ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਸ ਸਮੇਂ ਤੋਂ ਬਾਅਦ ਹੀ ਲਗਾਤਾਰ ਉਹ ਆਪਣੇ ਪਿੰਡ ਰਾਮਪੁਰ ਸੈਣੀਆਂ ਵਿਖੇ ਰਹਿ ਰਹੀ ਹੈ। ਮਹਿਲਾ ਨੇ ਦੱਸਿਆ ਕਿ ਉਸ ਨੇ ਆਪਣੇ ਸਹੁਰੇ ਘਰ ਵੱਸਣ ਲਈ ਇੱਕ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ ਜਿੱਥੇ ਗਵਾਹੀਆਂ ਹੋ ਚੁੱਕੀਆਂ ਹਨ। ਮਹਿਲਾ ਨੇ ਦੱਸਿਆ ਕਿ ਉਸ ਗਵਾਹੀ ਤੋਂ ਰੋਕਣ ਲਈ 24 ਮਈ ਦੀ ਸ਼ਾਮ 5 ਵਜੇ ਦੇ ਕਰੀਬ ਜਦੋਂ ਉਹ ਹੁਸ਼ਿਆਰਪੁਰ ਤੋਂ ਆਪਣੇ ਵਕੀਲ ਨਾਲ ਮਿਲ ਕੇ ਵਾਪਸ ਆ ਰਹੀ ਸੀ ਤਾਂ ਉਸ ਦੇ ਪਿੰਡ ਰਾਮਪੁਰ ਪਹੁੰਚਣ 'ਤੇ ਕਾਰ ਨੰਬਰ PB 36 AF 7591 ਅਤੇ ਇੱਕ ਹੋਰ ਕਾਲੇ ਰੰਗ ਦੀ ਕਾਰ ਵਿਚ ਸਵਾਰ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਕੇ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ | ਉਸ ਨੇ ਦੱਸਿਆ ਕਿ ਉਸ ਦੇ ਰੌਲਾ ਪਾਉਣ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਭੱਜ ਗਏ ਪਰੰਤੂ ਇੱਕ ਵਿਅਕਤੀ ਅਤੇ ਆਲਟੋ ਕਾਰ ਨੂੰ ਕਾਬੂ ਕਰ ਕੇ ਪਿੰਡ ਵਾਸੀਆਂ ਨੇ ਮਾਹਿਲਪੁਰ ਪੁਲਿਸ ਹਵਾਲੇ ਕਰ ਦਿੱਤਾ | ਉਸ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਮਾਹਿਲਪੁਰ ਪੁਲਿਸ ਨੇ ਉਹ ਕਾਰ ਛੱਡ ਦਿੱਤੀ ਅਤੇ ਉਸ ਨੂੰ ਲਗਾਤਾਰ ਥਾਣੇ ਬੁਲਾ ਕੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ | ਉਸ ਨੇ ਦੱਸਿਆ ਕਿ ਬੀਤੀ ਸ਼ਾਮ ਵੀ ਜਦੋਂ ਉਹ ਮਾਹਿਲਪੁਰ ਥਾਣੇ ਕੇਸ ਦੀ ਪੜਤਾਲ ਲਈ ਆਈ ਤਾਂ ਉਸ ਦੇ ਸਹੁਰਾ ਪਰਵਾਰ ਤੋਂ ਕੁੱਝ ਵਿਅਕਤੀ ਆਏ ਹੋਏ ਸਨ ਪਰੰਤੂ ਉਸ ਦੀ ਸੁਣਵਾਈ ਕਰਨ ਦੀ ਬਜਾਏ ਉਸ ਨੂੰ ਸ਼ਿਕਾਇਤ ਵਾਪਸ ਲੈਣ ਲਈ ਜ਼ੋਰ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਨੂੰ ਇਨਸਾਫ਼ ਲੈਣ ਲਈ ਥਾਣਾ ਮਾਹਿਲਪੁਰ ਅੱਗੇ ਧਰਨਾ ਦੇਣਾ ਪਿਆ। ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਡੇਢ ਘੰਟਾ ਪੁਲਿਸ ਥਾਣੇ ਅੱਗੇ ਧਰਨਾ ਦੇਣ ਤੋਂ ਬਾਅਦ ਵੀ ਕਿਸੇ ਨੇ ਉਸ ਦੀ ਸੁਣਵਾਈ ਨਾ ਕੀਤੀ ਤਾਂ ਅਚਾਨਕ ਪਹੁੰਚੇ ਬਸਪਾ ਨੇਤਾ ਚਮਨ ਲਾਲ ਟੂਟੋਮਜਾਰਾ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦੇ ਕੇ ਥਾਣੇ ਅੰਦਰ ਲੈ ਗਏ। -PTC News