ਕੌਣ ਹਨ ਸਾਬਕਾ ਆਈਪੀਐਸ ਇਕਬਾਲ ਸਿੰਘ ਲਾਲਪੁਰਾ, ਜਿਨ੍ਹਾਂ ਨੂੰ ਸੰਸਦੀ ਬੋਰਡ 'ਚ ਕੀਤਾ ਗਿਆ ਸ਼ਾਮਿਲ
ਚੰਡੀਗੜ੍ਹ, 17 ਅਗਸਤ: ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਨਵੇਂ ਸੰਸਦੀ ਬੋਰਡ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ ਤੋਂ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਾਮਲ ਕੀਤਾ ਗਿਆ ਹੈ। ਲਾਲਪੁਰਾ ਇੱਕ ਸਾਬਕਾ ਆਈਪੀਐਸ ਅਧਿਕਾਰੀ ਨੇ ਤੇ ਇਸ ਸਮੇਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਹਨ। ਦੱਸ ਦੇਈਏ ਕਿ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਇਸ ਵਾਰੀ ਸੰਸਦੀ ਬੋਰਡ 'ਚ ਆਪਣੀ ਜਗ੍ਹਾ ਬਣਾਉਣ 'ਚ ਅਸਫਲ ਰਹੇ ਹਨ। ਇਕਬਾਲ ਸਿੰਘ ਲਾਲਪੁਰਾ ਨੂੰ ਅਪ੍ਰੈਲ ਵਿੱਚ ਕੇਂਦਰ ਸਰਕਾਰ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਮੁੜ ਨਿਯੁਕਤ ਕੀਤਾ ਸੀ ਅਤੇ ਉਹ ਤਿੰਨ ਸਾਲ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ। ਇਸ ਤੋਂ ਪਹਿਲਾਂ ਵੀ ਕੇਂਦਰ ਨੇ ਸਾਲ 2021 ਵਿੱਚ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਰੂਪਨਗਰ ਦੇ ਵਸਨੀਕ ਨੇ ਤੇ ਇਨ੍ਹਾਂ ਹੀ 1981 ਵਿੱਚ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਲਾਲਪੁਰਾ ਉਸ ਸਮੇਂ ਇੰਸਪੈਕਟਰ ਵਜੋਂ ਤਾਇਨਾਤ ਸੀ ਅਤੇ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਏ ਪੈਨਲ ਵਿੱਚ ਜਰਨੈਲ ਸਿੰਘ ਚਾਹਲ ਅਤੇ ਤਤਕਾਲੀ ਐਸਡੀਐਮ ਬੀਐਸ ਭੁੱਲਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਕਬਾਲ ਸਿੰਘ ਲਾਲਪੁਰਾ 1978 ਵਿਚ ਨਿਰੰਕਾਰੀਆਂ ਨਾਲ ਹੋਏ ਟਕਰਾਅ ਵਿਚ ਵੀ ਜਾਂਚ ਅਧਿਕਾਰੀ ਰਹਿ ਚੁੱਕੇ ਹਨ। ਦੱਸਿਆ ਜਾਂਦਾ ਲਾਲਪੁਰਾ ਨੇ ਅੱਤਵਾਦ ਦੇ ਦੌਰ ਵਿੱਚ ਬੰਦੂਕਧਾਰੀ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ। -PTC News