ਪੰਜਾਬ 'ਚ ਕਣਕ ਦੀ ਖ਼ਰੀਦ ਹੋ ਸਕਦੀ ਹੈ ਪ੍ਰਭਾਵਿਤ, ਕਣਕ ਦੇ ਸੈਂਪਲ ਹੋਏ ਫੇਲ੍ਹ
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਐਫਸੀਆਈ ਨੇ ਪੰਜਾਬ ਦੀਆਂ ਖਰੀਦ ਏਜੰਸੀਆਂ ਵੱਲੋਂ ਖਰੀਦੀ ਕਣਕ ਨੂੰ ਆਪਣੇ ਸੈਂਪਲ ਵਿੱਚ ਰੱਦ ਕਰ ਦਿੱਤਾ ਹੈ। ਸੈਂਪਲ ਫੇਲ੍ਹ ਹੋਣ ਨਾਲ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਮਾਰਚ ਮਹੀਨੇ ਵਿੱਚ ਪਈ ਅੱਤ ਦੀ ਗਰਮੀ ਕਰਕੇ ਜਿੱਥੇ ਕਣਕ ਦਾ ਝਾੜ ਘਟਿਆ ਹੈ, ਉੱਥੇ ਹੀ ਦਾਣਾ ਸੁੰਗੜਨ ਕਰਕੇ ਭਾਰਤੀ ਖ਼ੁਰਾਕ ਨਿਗਮ ਵੱਲੋਂ ਲਏ ਗਏ ਕਣਕ ਦੇ ਸੈਂਪਲ ਫੇਲ੍ਹ ਹੋ ਰਹੇ ਹਨ। ਇਸ ਕਰਕੇ ਪੰਜਾਬ ਦੀ ਬਹੁਤ ਸਾਰੀਆਂ ਮੰਡੀਆਂ ਵਿੱਚ ਕਣ ਦੀ ਖਰੀਦ ਨੂੰ ਬ੍ਰੇਕ ਲੱਗਣ ਲੱਗੀ ਹੈ। ਇਸ ਨਵੀਂ ਮੁਸੀਬਤ ਨੇ ਜਿੱਥੇ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ, ਉੱਥੇ ਹੀ ਪੰਜਾਬ ਸਰਕਾਰ ਦਾ ਫਿਕਰ ਵੀ ਵਧ ਗਿਆ ਹੈ। ਖਰੀਦ ਏਜੰਸੀਆਂ ਐਫਸੀਆਈ ਦੇ ਮਾਪਦੰਡ ਨੂੰ ਕਰਨ ਵਿੱਚ ਅਸਮਰਥ ਹੈ। ਅੱਜ ਮੁੜ ਐਫਸੀਆਈ ਦੀਆਂ ਪੰਜ ਟੀਮਾਂ ਮੰਡੀਆਂ ਦਾ ਦੌਰਾ ਕਰਨਗੀਆਂ। ਇਸ ਤੋਂ ਬਾਅਦ ਮੁੜ ਵਿਚਾਰ ਕੀਤਾ ਜਾਵੇਗਾ। ਦਰਅਸਲ ਭਾਰਤੀ ਖ਼ੁਰਾਕ ਨਿਗਮ ਵੱਲੋਂ ਪੰਜਾਬ ਵਿਚੋਂ ਕਣਕ ਦੇ ਸੈਂਪਲ ਲਏ ਜਾ ਰਹੇ ਹਨ। ਪਿਛਲੇ ਸਮੇਂ ਅੰਦਰ ਪਈ ਗਰਮੀ ਕਰਕੇ ਕਣਕ ਦੇ ਦਾਣੇ ਸੁੰਗੜੇ ਹਨ ਜਿਸ ਕਰਕੇ ਫ਼ੇਲ੍ਹ ਹੋਣ ਲੱਗੇ ਹਨ। ਇਸ ਦੇ ਡਰੋਂ ਪੰਜਾਬ ਵਿਚ ਕਣਕ ਦੀ ਖ਼ਰੀਦ ਰੁਕਣ ਲੱਗੀ ਹੈ। ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣੇ ਵਾਲੀ ਫ਼ਸਲ ਦੀ 'ਸਿੱਧੀ ਡਲਿਵਰੀ' ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਵੀ ਮੀਟਿੰਗ ਕਰ ਕੇ ਕਣਕ ਦੀ ਖ਼ਰੀਦ ਦਾ ਬਾਈਕਾਟ ਕਰ ਦਿੱਤਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਕਣਕ ਦੀ ਖ਼ਰੀਦ ਪ੍ਰਭਾਵਿਤ ਹੇ ਰਹੀ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ ਓਨਾ ਸਮਾਂ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ ਜਿੰਨਾ ਸਮਾਂ ਕੇਂਦਰ ਸਰਕਾਰ ਵੱਲੋਂ ਖ਼ਰੀਦ ਨੀਤੀ ਵਿੱਚ ਸੋਧ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਉਨ੍ਹਾਂ 8 ਅਪ੍ਰੈਲ ਨੂੰ ਹੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਸੀ ਪਰ ਕਿਧਰੋਂ ਕੋਈ ਹੁੰਗਾਰਾ ਨਹੀਂ ਮਿਲਿਆ। ਖ਼ਰੀਦ ਏਜੰਸੀਆਂ ਵੱਲੋਂ ਕੁਝ ਦਿਨ ਪਹਿਲਾਂ ਕਣਕ ਦੀ ਗੁਣਵੱਤਾ ਉਤੇ ਉਂਗਲ ਉਠੀ ਸੀ ਜਿਸ ਪਿੱਛੋਂ ਭਾਰਤੀ ਖ਼ੁਰਾਕ ਨਿਗਮ ਨੇ ਮੰਡੀਆਂ ਵਿਚੋਂ ਕਣਕ ਦੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਨਮੂਨਿਆਂ ਦੇ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਅਨੁਸਾਰ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹਨ ਜਦਕਿ ਨਿਸ਼ਚਿਤ ਮਾਪਦੰਡਾਂ ਅਨੁਸਾਰ ਇਹ ਦਰ ਛੇ ਫ਼ੀਸਦੀ ਹੈ। ਦੱਸ ਦਈਏ ਕਿ ਜਿੱਥੇ ਦਾਣੇ ਸੁੰਗੜਨ ਕਰ ਕੇ ਝਾੜ ਘਟੇਗਾ ਅਤੇ ਕਿਸਾਨਾਂ ਨੂੰ ਮਾਲੀ ਸੱਟ ਵੱਜੇਗੀ ਉੱਥੇ ਖ਼ਰੀਦ ਏਜੰਸੀਆਂ ਦੇ ਮੁਲਾਜ਼ਮ ਮਾਪਦੰਡ ਤੋਂ ਹੇਠਾਂ ਫ਼ਸਲ ਖ਼ਰੀਦਣ ਨੂੰ ਤਿਆਰ ਨਹੀਂ। ਇਹ ਵੀ ਪੜ੍ਹੋ : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗ