ਵੇਟਲਿਫਟਰ ਹਰਜਿੰਦਰ ਕੌਰ ਨੇ ਜਿੱਤਿਆ ਕਾਂਸੀ, ਭਾਰਤ ਦੀ ਝੋਲੀ ਪਇਆ 9ਵਾਂ ਮੈਡਲ
ਬਰਮਿੰਘਮ, 2 ਅਗਸਤ: ਭਾਰਤ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ 9ਵਾਂ ਤਗਮਾ ਪਾ ਦਿੱਤਾ ਹੈ। ਉਨ੍ਹਾਂ ਔਰਤਾਂ ਦੇ 71 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ 212 ਕਿਲੋ ਭਾਰ ਚੁੱਕਿਆ, ਸਨੈਚ 'ਚ 93 ਕਿਲੋ ਜਦਕਿ ਕਲੀਨ ਐਂਡ ਜਰਕ 'ਚ 119 ਕਿਲੋ। ਇਸ ਈਵੈਂਟ ਦਾ ਸੋਨ ਤਗਮਾ ਸਾਰਾ ਡੇਵਿਸ ਨੇ 229 ਕਿਲੋ ਭਾਰ ਚੁੱਕ ਕੇ ਜਿੱਤਿਆ, ਜਦਕਿ ਕੈਨੇਡਾ ਦੀ ਅਲੈਕਸਿਸ ਨੇ 214 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਨਾਭਾ ਨੇੜਲੇ ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ। ਹਰਜਿੰਦਰ ਕੌਰ ਘਰ ਵਿੱਚ ਮੱਝਾਂ ਨੂੰ ਪੱਠੇ ਪਾਉਣ ਲਈ ਟੋਕੇ ਵਾਲੀ ਮਸ਼ੀਨ ਉੱਤੇ ਘੰਟਿਆਂ ਪਸੀਨਾਂ ਵਹਾਉਂਦੀ ਰਹੀ ਹੈ। ਅੱਜ ਉਨ੍ਹਾਂ ਟੋਕਾ ਕਰਨ ਵਾਲੀਆਂ ਬਾਂਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਮੈਡਲ ਜਿੱਤਣ ਲਈ ਭਾਰ ਚੁੱਕਿਆ ਹੈ। ਹਰਜਿੰਦਰ ਕਬੱਡੀ ਤੇ ਰੱਸਾਕਸ਼ੀ ਦੀ ਵੀ ਖਿਡਾਰਨ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੀ ਨੀਤੀ ਤਹਿਤ ਹੁਣ ਹਰਜਿੰਦਰ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਜਾਵੇਗਾ। ਇਨਾਮ ਰਾਸ਼ੀ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਕੌਰ ਵਰਗੀ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਤ ਕਰੇਗੀ।
ਵੇਟਲਿਫਟਿੰਗ ਵਿੱਚ ਇਹ ਭਾਰਤ ਦਾ 7ਵਾਂ ਤਮਗਾ ਹੈ। ਇਸ ਤੋਂ ਇਲਾਵਾ ਜੂਡੋ ਵਿੱਚ ਭਾਰਤ ਨੂੰ 2 ਹੋਰ ਮੈਡਲ ਮਿਲੇ ਹਨ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ 3 ਗੋਲਡ, 3 ਸਿਲਵਰ ਅਤੇ 3 ਬਰੌਂਜ਼ ਮੈਡਲ ਜਿੱਤੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਲਾਅਨ ਬਾਲ ਅਤੇ ਬੈਡਮਿੰਟਨ ਵਿੱਚ ਦੋ ਮੈਡਲ ਮਿਲਣੇ ਯਕੀਨੀ ਹਨ। ਸੋਮਵਾਰ ਨੂੰ ਭਾਰਤ ਨੇ ਜੂਡੋ ਵਿੱਚ ਦੋ ਤਗਮੇ ਜਿੱਤੇ ਸਨ। ਐਲ ਸੁਸ਼ੀਲਾ ਦੇਵੀ ਅਤੇ ਵਿਜੇ ਕੁਮਾਰ ਨੇ ਔਰਤਾਂ ਦੇ 48 ਕਿਲੋ ਅਤੇ ਪੁਰਸ਼ਾਂ ਦੇ 60 ਕਿਲੋ ਵਰਗ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ। -PTC Newsਬਰਮਿੰਘਮ ਖੇਡਾਂ 2022 ਵਿੱਚ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ। ਇਸ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਖ਼ਾਸ ਕਰਕੇ ਸਾਡੀਆਂ ਬੱਚੀਆਂ ਨੂੰ ਉਤਸ਼ਾਹਤ ਕਰੇਗੀ., — Bhagwant Mann (@BhagwantMann) August 2, 2022