Weather Update: ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਪਵੇਗਾ ਮੀਂਹ, ਸੰਘਣੀ ਧੁੰਦ ਵਧਾਏਗੀ ਚਿੰਤਾ
Weather Update: ਕੜਾਕੇ ਦੀ ਠੰਢ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ਵਿੱਚ ਦੋ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ 'ਚ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਆਏਗਾ। ਰਾਸ਼ਟਰੀ ਰਾਜਧਾਨੀ ਦਿੱਲੀ, ਰਾਜਸਥਾਨ, ਯੂਪੀ, ਬਿਹਾਰ ਸਮੇਤ ਕਈ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਉੱਤਰੀ ਭਾਰਤ ਵਿੱਚ, ਕੰਬਦੀ ਸਰਦੀ ਅਤੇ ਸੰਘਣੀ ਧੁੰਦ ਦੇ ਵਿਚਕਾਰ ਮੀਂਹ ਨੇ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਦੋ ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਅੱਜ ਦਾ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ, ਜਦਕਿ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਕੜਾਕੇ ਦੀ ਠੰਢ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਨੂੰ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਮੌਸਮ 'ਚ ਬਦਲਾਅ ਹੋ ਸਕਦਾ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ 22 ਜਨਵਰੀ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਿੱਚ ਮੀਂਹ, ਗੜੇਮਾਰੀ ਅਤੇ ਕੜਾਕੇ ਦੀ ਠੰਢ ਪੈਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ, '22 ਜਨਵਰੀ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਮੱਧ ਪ੍ਰਦੇਸ਼ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ।' ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 22 ਅਤੇ 23 ਜਨਵਰੀ ਨੂੰ ਭਾਰੀ ਮੀਂਹ/ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।" ਮੌਸਮ ਵਿਭਾਗ ਮੁਤਾਬਕ ਬਿਹਾਰ ਦੀ ਰਾਜਧਾਨੀ ਪਟਨਾ 'ਚ ਅੱਜ ਸੰਘਣੀ ਧੁੰਦ ਛਾਈ ਰਹੇਗੀ। ਅੱਜ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਕੱਲ੍ਹ ਇੱਥੇ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸ਼ਿਮਲਾ ਵਿੱਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। -PTC News