ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ; 16 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਮੁਹਾਲੀ, 24 ਸਤੰਬਰ: ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪੰਜਾਬ ਦੇ 16 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਬਿਜਲੀ ਗਰਜਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਬਾਰਿਸ਼ ਵੀ ਜਾਰੀ ਰਹੇਗੀ। ਮਾਝੇ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਦੋਆਬਾ 'ਚ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਅਤੇ ਮਾਲਵਾ 'ਚ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸ.ਏ.ਐਸ. ਨਗਰ 'ਚ ਮੀਂਹ ਦੇ ਨਾਲ ਹਵਾਵਾਂ ਚਲਣ ਦੀਆਂ ਸੰਭਾਵਨਾਂਵਾਂ ਨੇ, ਜਦਕਿ ਬਾਕੀ ਪੰਜਾਬ 'ਚ ਸੁੱਕਾ ਰਹਿਣ ਦੇ ਆਸਾਰ ਹੈ।
ਦੱਸਣਾ ਬਣਦਾ ਹੈ ਕਿ ਮਾਨਸੂਨ ਮੁੜ ਸਰਗਰਮ ਹੋਣ ਕਾਰਨ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਦੱਸਿਆ ਕਿ 26 ਸਤੰਬਰ ਯਾਨੀ ਐਤਵਾਰ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਬਰਸਾਤ ਕਾਰਨ ਜੋ ਪਾਰਾ ਹੇਠਾਂ ਆਇਆ ਹੈ ਉਹ ਹੁਣ ਜ਼ਿਆਦਾ ਨਹੀਂ ਚੜ੍ਹੇਗਾ ਕਿਉਂਕਿ ਪੰਜਾਬ ਵਿੱਚ ਮੌਸਮ ਬਦਲ ਗਿਆ ਹੈ ਅਤੇ ਰਾਤ ਨੂੰ ਹਲਕੀ ਠੰਢ ਹੋਇਆ ਕਰੇਗੀ।
ਇਹ ਵੀ ਪੜ੍ਹੋ: ਵਟਸਐਪ ਕਾਲ ਕਰਨ ਲਈ ਵੀ ਦੇਣੇ ਪੈਣਗੇ ਪੈਸੇ, ਸਰਕਾਰ ਨੇ ਜਾਰੀ ਕੀਤਾ ਡਰਾਫਟ
ਮਾਹਿਰਾਂ ਮੁਤਾਬਕ ਮੀਂਹ ਕਾਰਨ ਝੋਨੇ ਦੀ ਫ਼ਸਲ ਵਿੱਚ ਨਮੀ ਵਧਣ ਕਾਰਨ ਉੱਲੀ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ 'ਚ ਕਿਸਾਨਾਂ ਨੂੰ ਫਸਲਾਂ ਨੂੰ ਬਚਾਉਣ ਲਈ ਸਪਰੇਅ ਕਰਨੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦਾ ਖਰਚਾ ਵਧੇਗਾ ਤੇ ਫ਼ਸਲ ਦੇ ਤਬਾਹ ਹੋਣ 'ਤੇ ਉਨ੍ਹਾਂ ਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ। ਜੇਕਰ ਅਗਲੇ ਦੋ-ਤਿੰਨ ਦਿਨ ਭਾਰੀ ਬਾਰਿਸ਼ਾਂ ਹੁੰਦੀਆਂ ਨੇ ਤਾਂ ਝੋਨੇ ਦੀ ਫ਼ਸਲ ਦੇ ਡਿੱਗਣ ਦਾ ਵੀ ਖਤਰਾ ਰਹੇਗਾ।
ਹਾਸਿਲ ਜਾਣਕਰੀ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਬਦਲਦੇ ਮੌਸਮ ਦੇ ਕਾਰਨ ਬਿਜਲੀ ਦੀ ਮੰਗ ਵਿੱਚ ਵੱਡੀ ਕਮੀ ਆਈ ਹੈ। ਜਿੱਥੇ ਪਹਿਲਾਂ ਬਿਜਲੀ ਦੀ ਮੰਗ 14000 ਮੈਗਾਵਾਟ ਚੱਲ ਰਹੀ ਸੀ, ਹੁਣ ਇਹ ਘਟ ਕੇ 8800 ਮੈਗਾਵਾਟ ਰਹਿ ਗਈ ਹੈ। ਪਾਵਰਕਾਮ ਨੇ ਆਪਣੇ ਦੋਵੇਂ ਥਰਮਲਾਂ ਰੋਪੜ ਅਤੇ ਲਹਿਰਾ ਮੁਹੱਬਤ ਦੇ ਸਾਰੇ ਅੱਠ ਯੂਨਿਟ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪਾਵਰਕਾਮ ਬਾਹਰੋਂ ਬਿਜਲੀ ਲਿਆ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਦੀ ਮਦਦ ਨਾਲ ਇਸ ਮੰਗ ਨੂੰ ਪੂਰਾ ਕਰ ਰਿਹਾ ਹੈ।
-PTC News