Wed, Nov 13, 2024
Whatsapp

ਵਿਦਿਆਰਥੀਆਂ ਲਈ ਕਿੱਤਾਮੁਖੀ ਕੋਰਸ ਮੌਜੂਦਾ ਸਮੇਂ ਦੀ ਹੈ ਮੁੱਖ ਲੋੜ : ਹਰਪਾਲ ਸਿੰਘ ਚੀਮਾ

Reported by:  PTC News Desk  Edited by:  Pardeep Singh -- October 07th 2022 06:25 PM
ਵਿਦਿਆਰਥੀਆਂ ਲਈ ਕਿੱਤਾਮੁਖੀ ਕੋਰਸ ਮੌਜੂਦਾ ਸਮੇਂ ਦੀ ਹੈ ਮੁੱਖ ਲੋੜ : ਹਰਪਾਲ ਸਿੰਘ ਚੀਮਾ

ਵਿਦਿਆਰਥੀਆਂ ਲਈ ਕਿੱਤਾਮੁਖੀ ਕੋਰਸ ਮੌਜੂਦਾ ਸਮੇਂ ਦੀ ਹੈ ਮੁੱਖ ਲੋੜ : ਹਰਪਾਲ ਸਿੰਘ ਚੀਮਾ

ਬਠਿੰਡਾ: ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂ ਕਰਨ ਅਤੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਕਿੱਤਾਮੁਖੀ ਕੋਰਸ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ, ਇਸ ਤੋਂ ਬਿਨ੍ਹਾਂ ਵਿਦਿਆਰਥੀਆਂ ਦਾ ਅੱਗੇ ਵੱਧਣਾ ਮੁਸ਼ਕਿਲ ਹੈ। ਵਿਦਿਆਰਥੀ ਕਿੱਤਾਮੁਖੀ ਕੋਰਸ ਕਰਨ ਉਪਰੰਤ ਮੁਲਕ ਵਿੱਚ ਕਿਤੇ ਵੀ ਨੌਕਰੀ ਪ੍ਰਾਪਤ ਕਰਕੇ ਅਤੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਚਮਕਾ ਸਕਦੇ ਹਨ। ਚੀਮਾ ਇੱਥੇ ਸ਼ੁੱਕਰਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਨ-ਲਾਈਨ ਕੋਰਸ ਦਾਖ਼ਲਾ ਪੋਰਟਲ ਅਤੇ ਕਾਰਪੋਰੇਟ ਰਿਸੋਰਸ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ ਅਤੇ ਚੇਅਰਮੈਨ ਟ੍ਰੇਡਰਜ਼ ਬੋਰਡ ਅਨਿੱਲ ਠਾਕੁਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲ਼ੀ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੀ ਆਸਾਂ ਅਤੇ ਉਮੀਦਾਂ ਉਪਰ ਖਰਾ ਉਤਰਨ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਵੀਂਆਂ ਪਾਲਸੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਨੂੰ ਤਰੱਕੀ ਵੱਲ ਲਿਜਾਇਆ ਜਾ ਸਕੇ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ, ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਦੇ ਹੱਕ ਵਿੱਚ ਵੱਡੇ ਫ਼ੈਸਲੇ ਲਏ ਜਾਣਗੇ ਤਾਂ ਜੋ ਪੰਜਾਬ ਨੂੰ ਮੁਲਕ ਅੰਦਰ ਨਮੂਨੇ ਦੇ ਸੂਬੇ ਵਜੋਂ ਵਿਕਸਿਤ ਕੀਤਾ ਜਾ ਸਕੇ। ਇਸ ਮੌਕੇ ਵਿੱਤ ਮੰਤਰੀ ਚੀਮਾ ਨੇ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਆਨਲਾਈਨ ਕੋਰਸਾਂ ਦੇ ਦਾਖ਼ਲਾ ਪੋਰਟਲ ਅਤੇ ਕਾਰਪੋਰੇਟ ਰਿਸੋਰਸ ਸੈਂਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੇਂ ਸ਼ੁਰੂ ਕੀਤੇ ਗਏ ਕਿੱਤਾਮੁਖੀ ਕੋਰਸ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਇਸ ਪਹਿਲ ਕਦਮੀ ਦੀ ਪ੍ਰਸੰਸਾ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਯੂਨੀਵਰਸਿਟੀ ਨੂੰ ਲੋੜੀਂਦਾ ਬਜਟ ਜਲਦੀ ਹੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਹੋਰ ਲੋੜੀਂਦੇ ਫੰਡਾਂ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਵਿੱਤੀ ਹਾਲਾਤ ਬਹੁਤ ਮਾੜੇ ਸਨ ਪ੍ਰੰਤੂ ਹੁਣ ਲਗਾਤਾਰ ਜਿਵੇਂ ਕਿ ਜੀ.ਐਸ.ਟੀ. ਦੀ ਕੁਲੈਕਸ਼ਨ, ਐਕਸਾਈਜ਼ ਜਾਂ ਹੋਰ ਸਾਧਨ ਜਿੰਨ੍ਹਾਂ ਤੋਂ ਸਰਕਾਰ ਨੂੰ ਆਮਦਨ ਹੁੰਦੀ ਹੈ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇਨ੍ਹਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸੂਬਾ ਸਰਕਾਰ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਸੂਬਾ ਸਰਕਾਰ ਵੱਲੋਂ ਆਪਣੇ ਪਹਿਲੇ 6 ਮਹੀਨਿਆਂ ਦੌਰਾਨ ਜੀ.ਐਸ.ਟੀ. ਦੀ ਕੁਲੈਕਸ਼ਨ ਵਿੱਚ ਇਜਾਫ਼ਾ ਕਰਦਿਆਂ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੁਲੈਕਸ਼ਨ ਕੀਤੀ ਗਈ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸ਼ੀ ਤਹਿਤ ਪਿਛਲੇ 25 ਸਾਲਾਂ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚੋਂ ਸ਼ਰਾਬ ਦਾ ਮਾਫ਼ੀਆ ਖਤਮ ਕਰਕੇ ਐਕਸਾਈਜ਼ ਸਬੰਧੀ ਆਮਦਨ ਵਿੱਚ ਵੀ ਮੁਨਾਫ਼ਾ ਹੋਇਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਨਾਮਾਤਰ 7 ਸਾਲਾਂ ਵਿੱਚ ਯੂਨੀਵਰਸਿਟੀ ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤ ਕੀਤੀਆਂ ਗਈ ਉਚਾਈਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ੁਰੂ ਕੀਤੀਆਂ ਜਾ ਰਹੀਆਂ ਨਵੀਂਆਂ ਉਭਰਦੀਆਂ ਤਕਨੀਕਾਂ ਜਿਵੇਂ ਕਿ ਡਾਟਾ ਸਾਇੰਸ, ਬਲਾਕਚੈਨ, ਪ੍ਰੋਗਰਾਮਇੰਗ ਭਾਸ਼ਾਵਾਂ, ਸਾਈਬਰ ਕਰਾਈਮ, ਮਸ਼ੀਨ ਲਰਨਿੰਗ, ਪੇਟੈਂਟ ਅਤੇ ਆਈਪੀਆਰ ਬਿਜਨਿਸ ਇੰਟੈਲੀਜੈਂਸ ਅਤੇ ਹੋਰ ਕਈ ਪ੍ਰਮਾਨਿਤ ਕੋਰਸ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਣਗੇ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਕਾਰਪੋਰੇਟ ਰਿਸੋਰਸ ਸੈਂਟਰ ਦੀ ਮਹੱਤਤਾ ਬਾਰੇ ਕਿਹਾ ਕਿ ਇਹ ਮੁੱਖ ਤੌਰ 'ਤੇ ਕੰਪਨੀ ਕਨੈਕਟ, ਸਟੂਡੈਂਟ ਕਨੈਕਟ, ਅਲੂਮਨੀ ਕਨੈਕਟ ਅਤੇ ਇੰਟਰਨੈਸ਼ਨਲ ਕੋਲਬੋਰੇਸ਼ਨਜ਼ ਨੂੰ ਬਿਹਤਰ ਪਲੇਸਮੈਂਟ, ਇੰਟਰਨਸ਼ਿਪ, ਉਦਯੋਗਿਕ ਦੌਰੇ, ਰੁਜ਼ਗਾਰ ਯੋਗਤਾ ਨੂੰ ਵਧਾਉਣਾ, ਮਾਤਰਾਤਮਕ ਯੋਗਤਾ, ਸੰਚਾਰ ਹੁਨਰ ਦੀਆਂ ਕਲਾਸਾਂ ਅਤੇ ਮੌਕੇ ਇੰਟਰਵਿਊ ਆਦਿ ਨੂੰ ਯਕੀਨੀ ਬਣਾਉਣ ਲਈ ਸਹਾਈ ਸਿੱਧ ਹੋਵੇਗਾ। ਇਸ ਦੌਰਾਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਲੜਕਿਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੁੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ, ਡਾਇਰੈਕਟਰ ਸਪੋਰਟਸ ਐਂਡ ਯੂਥਵੈਲਫ਼ੇਅਰ ਡਾ. ਭੁਪਿੰਦਰਪਾਲ ਸਿੰਘ ਢੋਟ, ਉਘੇ ਸਿੱਖਿਆ ਵਿਦਵਾਨ ਸ. ਅਮਰਜੀਤ ਸਿੰਘ ਗਰੇਵਾਲ, ਪ੍ਰਿੰਸੀਪਲ ਆਈ.ਐਚ.ਐਮ. ਰਾਜਨੀਤ ਕੋਹਲੀ, ਸਹਾਇਕ ਡਾਇਰੈਕਟਰ ਡਾ. ਗੁਰਿੰਦਰਪਾਲ ਸਿੰਘ ਬਰਾੜ, ਡਾਇਰੈਕਟਰ ਪਬਲਿਕ ਰਿਲੇਸ਼ਨ ਸ੍ਰੀ ਹਰਜਿੰਦਰ ਸਿੱਧੂ, ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਸ੍ਰੀ ਹਰਜੋਤ ਸਿੰਘ ਸਿੱਧੂ, ਯੂਨੀਵਰਸਿਟੀ ਦੇ ਡੀਨ ਅਤੇ ਡਾਇਰੈਕਟਰ, ਕਰੈਸ਼ਟਰ ਵੈਲ ਇੰਡੀਆ ਲਿਮਟਿਡ ਅਤੇ ਫਿਊਲ ਦੇ ਨੁਮਾਇੰਦੇ ਆਦਿ ਹਾਜ਼ਰ ਸਨ। ਇਹ ਵੀ ਪੜ੍ਹੋ:ਸੁਪਰੀਮ ਕੋਰਟ ਵੱਲੋਂ HSGPC ਨੂੰ ਮਾਨਤਾ: SGPC ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਵਜੋਂ ਕੱਢੇ ਰੋਸ ਮਾਰਚ -PTC News


Top News view more...

Latest News view more...

PTC NETWORK