ਪਿੰਡ 'ਚ ਨਸ਼ਾ ਵੇਚਣ ਆਏ ਬੰਦਿਆਂ ਨੂੰ ਪਿੰਡ ਵਾਸੀਆਂ ਨੇ ਘੇਰਿਆ, ਨਸ਼ਾ ਤੇ ਹਥਿਆਰ ਬਰਾਮਦ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਪਿੰਡ ਭੁੱਲਰ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਅਤੇ ਉਸ ਨਾਲ ਕੁਝ ਬਾਹਰੀ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪਿੰਡ ਵਾਸੀਆਂ ਨੇ ਸਿੱਧੇ ਤੌਰ ਤੇ ਦੋਸ਼ ਲਾਏ ਕਿ ਇਹ ਵਿਅਕਤੀ ਪਿੰਡ ਵਿਚ ਚਿੱਟਾ ਵੇਚਣ ਦਾ ਕੰਮ ਕਰਦੇ ਹਨ, ਅੱਜ ਵੀ ਇਹਨਾਂ ਤੋਂ ਚਿੱਟਾ ਵੇਚਣ ਲਈ ਵਰਤੋਂ ਵਿਚ ਆਉਂਦਾ ਸਮਾਨ ਸਰਿੰਜਾਂ ਆਦਿ ਤੋਂ ਇਲਾਵਾ ਇੱਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਪਿੰਡ ਵਾਸੀਆਂ ਦੇ ਸਿੱਧੇ ਦੋਸ਼ ਹਨ ਕਿ ਪੁਲਿਸ ਨੂੰ ਵਾਰ ਵਾਰ ਦੱਸਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਉਹਨਾਂ ਨੂੰ ਆਪ ਕਾਰਵਾਈ ਕਰਨੀ ਪਈ। ਪਿੰਡ ਵਾਸੀ ਲਗਾਤਾਰ ਪੁਲਿਸ ਤੇ ਵੀ ਇਲਜ਼ਾਮ ਲਾ ਰਹੇ ਹਨ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸਾਡੇ ਪਿੰਡ ਵਿੱਚ ਨਸ਼ਾ ਚੱਲਦਾ ਹੈ। ਨੌਜਵਾਨ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਧਸ ਚੁੱਕੇ ਹਨ। ਅੱਜ ਇਹ 4 ਤੋਂ 5 ਵਿਅਕਤੀ ਪਿੰਡ ਵਿੱਚ ਨਸ਼ਾ ਵੇਚਣ ਆਏ ਸੀ। ਇਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਹੈ। ਉਨ੍ਹਾਂ ਕੋਲੋਂ ਦੇਸੀ ਕੱਟਾ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਪਿੰਡ ਵਾਸੀਆਂ ਨੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਲਦ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕੀਤੀ ਜਾਏ। ਜੇਕਰ ਪੁਲਿਸ ਕਾਰਵਾਈ ਨਹੀਂ ਕਰੇਗੀ ਤਾਂ ਪਿੰਡ ਦੇ ਨੌਜਵਾਨ ਨਸ਼ੇ ਵਿੱਚ ਖਤਮ ਹੋ ਜਾਣਗੇ। ਪਿੰਡ ਦੇ ਕੁਝ ਨੌਜਵਾਨਾਂ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਇਹ ਨਸ਼ਾ ਵੇਚਣ ਆ ਰਹੇ ਸੀ। ਮੁਲਜ਼ਮਾਂ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਪਰ ਇਹ ਨਹੀਂ ਰੁਕੇ। ਪੁਲਿਸ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰਾਂਗੇ। ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਿੰਡ ਵਾਸੀਆਂ ਦੀ ਸਿਕਾਇਤ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ, ਇਹਨਾਂ ਤੋਂ ਪਕੜੇ ਗਏ ਇੱਕ ਦੇਸੀ ਕੱਟੇ ਸਬੰਧੀ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ। -PTC News