ਗੈਂਗਸਟਰ ਲਾਰੈਂਸ ਤੇ ਸਚਿਨ ਬਿਸ਼ਨੋਈ ਦੇ ਹੱਕ 'ਚ ਨਿੱਤਰੇ ਉਨ੍ਹਾਂ ਦੇ ਪਿੰਡ ਵਾਸੀ, ਕਿਹੰਦੇ ਮਾਨ ਸਰਕਾਰ ਇਨਸਾਫ ਦੇਣ 'ਚ ਪੂਰੀ ਤਰ੍ਹਾਂ ਫੇਲ੍ਹ
ਫਾਜ਼ਿਲਕਾ ਸਿਟੀ, 9 ਜੂਨ: ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਦੁਤਾਰਾਂ ਵਾਲੀ ਜੋ ਕਿ ਅਬੋਹਰ ਸੀਤੋ ਰੋਡ 'ਤੇ ਸਥਿਤ ਹੈ, ਇਹ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਨਾਲ ਮਸ਼ਹੂਰ ਹੈ। ਪਰ ਪਿੰਡ ਦੇ ਲੋਕਾਂ ਨੂੰ ਅੱਜ ਵੀ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਗਲੀਆਂ ਦੇ ਵਿੱਚ ਖੇਡਦਾ, ਘੋੜੀਆਂ ਦਾ ਸ਼ੌਕੀਨ ਲਾਰੈਂਸ ਅੱਜ ਨਾਮੀ ਗੈਂਗਸਟਰ ਦੇ ਰੂਪ ਵਜੋਂ ਮਸ਼ਹੂਰ ਜਾ ਰਿਹਾ ਹੈ। ਇਹ ਵੀ ਪੜ੍ਹੋ: ਤੇਲ ਵਾਲੇ ਟੈਂਕਰ ਨੂੰ ਲੱਗੀ ਭਿਆਨਕ ਅੱਗ, ਕੋਲ ਖੜ੍ਹੀ ਗੱਡੀ ਵੀ ਸੜੀ ਲਾਰੈਂਸ ਬਿਸ਼ਨੋਈ ਪਿੰਡ ਦੁਤਾਰਾਂ ਵਾਲੀ ਦੇ ਵਾਸੀ ਲਖਵਿੰਦਰ ਸਿੰਘ ਦਾ ਪੁੱਤਰ ਹੈ। ਲਾਰੈਂਸ ਦਾ ਇਕ ਛੋਟਾ ਭਰਾ ਅਨਮੋਲ ਬਿਸ਼ਨੋਈ ਵੀ ਹੈ, ਫਿਲਹਾਲ ਘਰ ਵਿਚ ਸਿਰਫ ਮਾਪਿਓ ਹਨ। ਲਾਰੈਂਸ ਦੀ ਮੁੱਢਲੀ ਸਿੱਖਿਆ ਅਬੋਹਰ ਦੇ ਅਜੰਪਸ਼ਨ ਕਾਨਵੈਂਟ ਸਕੂਲ ਦੀ ਹੈ ਜਦਕਿ ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਚੰਡੀਗਡ਼੍ਹ ਆ ਗਿਆ ਸੀ। ਪਲੱਸ ਵਨ ਅਤੇ ਪਲੱਸ ਟੂ ਦੀ ਸਿੱਖਿਆ ਉਸ ਨੇ ਚੰਡੀਗੜ੍ਹ ਦੇ ਡੀਏਵੀ ਸਕੂਲ ਤੋਂ ਲਈ, ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਪੰਜਾਬ ਯੂਨੀਵਰਸਿਟੀ ਚਲਾ ਗਿਆ। ਯੂਨੀਵਰਸਿਟੀ ਤੋਂ ਹੀ ਉਸ ਦੀ ਸੰਗਤ ਅਜਿਹੀ ਹੋਈ ਕਿ ਅੱਜ ਉਹ ਦੇਸ਼ ਦੀ ਸਭਤੋਂ ਵੱਡੀ ਤਿਹਾੜ ਜੇਲ੍ਹ ਦੇ ਵਿੱਚ ਕੈਦ ਹੈ। ਪਿੰਡ ਦੇ ਲੋਕਾਂ, ਨੌਜਵਾਨਾਂ ਨੂੰ ਨਹੀਂ ਲਗਦਾ ਕਿ ਲਾਰੈਂਸ ਬਿਸ਼ਨੋਈ ਦੀ ਜਿਸ ਤਰ੍ਹਾਂ ਦੀ ਛਵੀ ਬਨਾਈ ਗਈ ਹੈ ਉਹ ਅਜਿਹਾ ਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਮ ਨੌਜਵਾਨਾਂ ਵਾਂਗ ਪੇਂਡੂ ਨੌਜਵਾਨ ਸੀ, ਮੁੰਡਿਆ ਨਾਲ ਖੇਡਦਾ, ਘੋੜਿਆਂ ਦਾ ਸ਼ੌਕੀਨ, ਸਾਰਿਆਂ ਦਾ ਸਤਿਕਾਰ ਕਰਦਾ ਸੀ ਤੇ ਉਸਨੂੰ ਪਹਿਲਾਂ ਤੋਂ ਹੀ ਅੰਨਿਆ ਨਹੀਂ ਪਸੰਦ ਸੀ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਹੜੇ ਸਚਿਨ ਬਿਸ਼ਨੋਈ ਦੀ ਇਕ ਆਡੀਓ ਵਾਇਰਲ ਹੋਈ ਜਿਸ ਵਿੱਚ ਉਸ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਉਸ ਨੇ ਹੋਰਾਂ ਦੇ ਨਾਲ ਸਿੱਧੂ ਮੂਸੇਵਾਲੇ 'ਤੇ ਗੋਲੀਆਂ ਚਲਾਈਆਂ ਤੇ ਉਸ ਦਾ ਕਤਲ ਕੀਤਾ ਹੈ, ਪਰ ਉਸੇ ਸਚਿਨ ਬਿਸ਼ਨੋਈ ਦੇ ਪਿੰਡ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਜੋ ਆਡੀਓ ਵਾਇਰਲ ਹੋ ਰਹੀ ਹੈ, ਉਹ ਸਚਿਨ ਬਿਸ਼ਨੋਈ ਦੀ ਹੈ। ਸਚਿਨ ਬਿਸ਼ਨੋਈ ਵੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੁਤਾਰਾਂ ਵਾਲੀ ਦਾ ਵਾਸੀ ਹੈ, ਜਿੱਥੋਂ ਦਾ ਜੰਮਪਲ ਲਾਰੈਂਸ ਬਿਸ਼ਨੋਈ ਹੈ। ਪਿੰਡ ਦੇ ਨੌਜਵਾਨ ਕਹਿੰਦੇ ਹਨ ਕਿ ਸਚਿਨ ਅਜਿਹਾ ਕਰ ਹੀ ਨਹੀਂ ਸਕਦਾ, ਉਹ ਇੱਕ ਛੋਟੇ ਜ਼ਿਮੀਂਦਾਰ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਸ ਤੇ ਪਹਿਲਾਂ ਪਾਇਆ ਇੱਕ ਪੈਟਰੋਲ ਪੰਪ 'ਤੇ ਲੁੱਟ ਦਾ ਮਾਮਲੇ ਵੀ ਸਚਾਈ ਤੋਂ ਪਰ੍ਹੇ ਹੈ। ਪਿੰਡ ਰਾਜਪੁਰਾ ਸਥਿਤ ਪੈਟਰੋਲ ਪੰਪ 'ਤੇ ਹੋਈ ਲੁੱਟ ਮਾਮਲੇ ਦੇ ਵਿੱਚ ਸਚਿਨ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਵੀ ਪੁਲਿਸ ਨੇ ਧੱਕੇ ਨਾਲ ਹੀ ਦੋਸ਼ੀ ਬਣਾਇਆ ਹੈ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਨੇ 2 ਹੋਰ ਸ਼ਾਰਪ ਸ਼ੂਟਰਾਂ ਨੂੰ ਲਿਆ ਹਿਰਾਸਤ 'ਚ : ਸੂਤਰ ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਧੂ ਕਤਲਕਾਂਡ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ ਤੇ ਹੁਣ ਅਜਿਹੇ ਦੇ ਵਿਚ ਉਹ ਲਾਰੈਂਸ ਅਤੇ ਉਸਦੇ ਸਾਥੀਆਂ ਦੇ ਸਿਰ ਕਤਲ ਦਾ ਦੋਸ਼ ਮੜ੍ਹਨਾ ਚਾਹੁੰਦੀ ਹੈ। ਸਚਿਨ ਬਿਸ਼ਨੋਈ ਦੀ ਮਾਂ ਨਾਲ ਵੀ ਗੱਲ ਹੋਈ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹੋ ਕੀ ਰਿਹਾ ਹੈ। ਸਚਿਨ ਦੀ ਮਾਂ ਦਾ ਕਹਿਣਾ ਕਿ ਕੁਛ ਕਹਿ ਨਹੀਂ ਸਕਦੇ, ਜਦੋਂ ਪੁੱਛਿਆ ਗਿਆ ਕਿ ਸਚਿਨ ਅਜਿਹਾ ਸੀ ਕਿ ਅਜਿਹੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਵੇ ਤਾਂ ਸਚਿਨ ਦੀ ਮਾਂ ਦਾ ਕਹਿਣਾ ਕਿ ਲਗਦਾ ਤਾਂ ਨਹੀਂ ਸੀ, ਪਰ ਕੁਛ ਕਹਿ ਨਹੀਂ ਸਕਦੇ। ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ 'ਤੇ ਸਚਿਨ ਦੀ ਮਾਂ ਕਹਿੰਦੀ ਹੈ ਕਿ ਉਸਨੂੰ ਦੁੱਖ ਹੈ ਕਿ ਇੱਕ ਮਾਂ ਦਾ ਪੁੱਤਰ ਉਸਤੋਂ ਬਿਛੜ ਗਿਆ। -PTC News