AIG ਆਸ਼ੀਸ਼ ਕਪੂਰ ਦੀ ਰਿਹਾਇਸ਼ 'ਤੇ ਵਿਜੀਲੈਂਸ ਦੀ ਛਾਪੇਮਾਰੀ, ਕੋਠੀ ਦੀ ਕੀਤੀ ਪੈਮਾਇਸ਼
ਮੁਹਾਲੀ : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਿਆਸੀ ਨੇਤਾਵਾਂ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਅਧਿਕਾਰੀਆਂ ਉਤੇ ਵੀ ਨਕੇਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਪੰਜਾਬ ਪੁਲਿਸ ਦੇ ਏਆਈਜੀ ਆਸ਼ੀਸ਼ ਕਪੂਰ ਦੇ ਘਰ ਛਾਪੇਮਾਰੀ ਕੀਤੀ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਵਿਜੀਲੈਂਸ ਦੀ ਤਕਨੀਕੀ ਟੀਮ ਅੱਜ ਸਵੇਰੇ ਉਨ੍ਹਾਂ ਦੀ ਕੋਠੀ ਦੀ ਪੈਮਾਇਸ਼ ਕਰਨ ਪਹੁੰਚ ਗਈ। ਇਸ ਮੌਕੇ ਏਆਈਜੀ ਆਸ਼ੀਸ਼ ਕਪੂਰ ਵੀ ਮੌਕੇ 'ਤੇ ਮੌਜੂਦ ਸਨ ਪਰ ਉਨ੍ਹਾਂ ਨੇ ਇਸ ਮੁੱਦੇ 'ਤੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਏਆਈਜੀ ਆਸ਼ੀਸ਼ ਕਪੂਰ ਦੇ ਸੈਕਟਰ-88 ਸਥਿਤ ਘਰ, ਮਕਾਨ ਨੰ. 2010 ਵਿੱਚ ਛਾਪੇਮਾਰੀ ਕਰਨ ਆਇਆ ਸੀ। ਟੀਮ ਸਵੇਰੇ 5 ਵਜੇ ਤੋਂ ਪਹਿਲਾਂ ਪਹੁੰਚ ਗਈ ਸੀ। ਇਸ ਸਬੰਧੀ ਜਦੋਂ ਮੁਹਾਲੀ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਸਿਰਫ ਇਹੀ ਜਾਣਕਾਰੀ ਮਿਲੀ ਹੈ ਕਿ ਆਸ਼ੀਸ਼ ਕਪੂਰ ਦੀ ਜਾਇਦਾਦ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਟੀਮ ਫਿਲਹਾਲ ਉਸਦੇ ਘਰ ਵਿੱਚ ਮੌਜੂਦ ਹੈ ਤੇ ਜਾਇਦਾਦ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਇਨ੍ਹੀਂ ਦਿਨੀਂ ਸਰਗਰਮ ਹੈ। ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਨੇ ਪਿਛਲੇ ਦਿਨੀਂ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ) ਜਲੰਧਰ ਨਰੇਸ਼ ਕਲੇਰ ਤੇ ਇਕ ਪ੍ਰਾਈਵੇਟ ਏਜੰਟ ਰਾਮਪਾਲ ਉਰਫ਼ ਰਾਧੇ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਸਬੰਧੀ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਰਿਸ਼ਵਤ ਦੀ ਰਕਮ ਵਿੱਚੋਂ 12.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਹ ਵੀ ਪੜ੍ਹੋ : ਮਹਿਲਾਵਾਂ ਨੂੰ 1000 ਰੁਪਏ ਨਾ ਦੇਣ 'ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਨੀਤ ਕੌਰ ਨੇ ਖੋਲ੍ਹਿਆ ਮੋਰਚਾ ਆਰਟੀਏ ਦਫ਼ਤਰਾਂ ਵਿੱਚ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੱਤ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਮਾਨਸਾ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਐਮਵੀਆਈ ਦਫ਼ਤਰਾਂ ਦੀ ਵੀ ਅਚਨਚੇਤ ਜਾਂਚ ਕੀਤੀ ਗਈ। ਬਿਊਰੋ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਵੱਖ-ਵੱਖ ਜ਼ਿਲ੍ਹਿਆਂ 'ਚ ਅਧਿਕਾਰੀ ਏਜੰਟਾਂ ਤੇ ਵਿਚੋਲਿਆਂ ਦੀ ਮਿਲੀਭੁਗਤ ਨਾਲ ਵਾਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਬਿਨਾਂ ਪ੍ਰਤੀ ਵਾਹਨ ਮੋਟੀ ਰਿਸ਼ਵਤ ਦੇ ਬਦਲੇ ਵਾਹਨਾਂ ਦੇ ਮਾਡਲਾਂ ਦੇ ਆਧਾਰ 'ਤੇ ਫਿਟਨੈਸ ਸਰਟੀਫਿਕੇਟ ਜਾਰੀ ਕਰ ਰਹੇ ਸਨ। -PTC News