ਵਿਜੀਲੈਂਸ ਵਿਭਾਗ ਦੇ ਮੁਲਾਜ਼ਮ ਦੀ ਕਾਰ ਹੋਈ ਚੋਰੀ, ਫਿਰ ਸੁਰੱਖਿਅਤ ਕੌਣ ?
ਹੁਸ਼ਿਆਰਪੁਰ : ਦਸੂਹਾ ਦੇ ਨਿਹਾਲਪੁਰ ਵਿੱਚ ਬੀਤੀ ਦੇਰ ਰਾਤ ਚੋਰਾਂ ਵੱਲੋਂ ਵਿਜੀਲੈਂਸ ਵਿਭਾਗ ਦੇ ਇਕ ਮੁਲਾਜ਼ਮ ਦੀ ਕਾਰ ਚੋਰੀ ਕਰਨ ਦਾ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਘਰ ਆਇਆ ਸੀ। ਉਸ ਨੇ ਆਪਣੀ ਕਾਰ ਪੀਬੀ ਏਜੈਡ 4102 ਸਵਿਫਟ ਆਪਣੇ ਘਰ ਦੇ ਨਜ਼ਦੀਕ ਪਾਰਕ ਕਰ ਦਿੱਤੀ ਸੀ। ਕਰੀਬ ਰਾਤ ਦੋ ਵਜੇ ਉਨ੍ਹਾਂ ਨੇ ਵੇਖਿਆ ਤਾਂ ਕਾਰ ਗਾਇਬ ਸੀ। ਉਨ੍ਹਾਂ ਨੇ ਇਸ ਸਬੰਧੀ ਦਸੂਹਾ ਪੁਲਿਸ ਨੂੰ ਸੂਚਿਤ ਕਰਕੇ ਮਾਮਲਾ ਦਰਜ ਕਰਵਾ ਦਿੱਤਾ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਕਿ ਕੱਲ੍ਹ ਹੀ ਆਪਣੀ ਇਸ ਕਾਰ ਦੀ ਸਰਵਿਸ ਤੇ ਹੋਰ ਰਿਪੇਅਰ ਉਪਰ 25 ਹਜ਼ਾਰ ਰੁਪਏ ਖ਼ਰਚ ਕੀਤੇ ਸਨ। ਪੁਲਿਸ ਵੱਲੋਂ ਚੋਰੀ ਹੋਈ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੀ ਘੋਖ ਵਿੱਚ ਸਾਹਮਣੇ ਆਇਆ ਹੈ ਕਿ ਤਿੰਨ ਚੋਰ ਸਵਿੱਫਟ ਡਿਜ਼ਾਇਰ ਵਿੱਚ ਸਵਾਰ ਹੋ ਕੇ ਆਏ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਮੁਲਜ਼ਮਾਂ ਦੀ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ। ਵਿਜੀਲੈਂਸ ਵਿਭਾਗ ਦੇ ਮੁਲਾਜ਼ਮ ਦੀ ਚੋਰੀ ਹੋਈ ਕਾਰ ਕਾਰਨ ਇਲਾਕੇ ਵਿੱਚ ਚਰਚਾ ਛਿੜੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਚੋਰਾਂ ਨੂੰ ਫੜਨ ਵਾਲੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਕਿਵੇਂ ਸੁਰੱਖਿਅਤ ਹੋ ਸਕਦੇ ਹਨ? ਇਸ ਚੋਰੀ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਇਹ ਵੀ ਪੜ੍ਹੋ : ਪੰਜਾਬ ਤੋਂ ਹਜ਼ਾਰਾਂ ਕਿਸਾਨ ਅੱਜ ਲਖੀਮਪੁਰ ਖੀਰੀ ਵੱਲ ਕਰ ਰਹੇ ਕੂਚ, ਮੁੜ ਵਿੱਢਣਗੇ ਸੰਘਰਸ਼