ਵਿਜੀਲੈਂਸ ਬਿਊਰੋ ਵੱਲੋਂ ਡੀਐਫਓ ਮੁਹਾਲੀ ਗੁਰਅਮਨਪ੍ਰੀਤ ਸਿੰਘ ਗ੍ਰਿਫ਼ਤਾਰ
ਐੱਸ.ਏ.ਐੱਸ.ਨਗਰ : ਵਿਜੀਲੈਂਸ ਬਿਊਰੋ ਮੁਹਾਲੀ ਵੱਲੋਂ ਜ਼ਿਲ੍ਹਾ ਜੰਗਲਾਤ ਅਫ਼ਸਰ (ਡੀਐੱਫਓ) ਗੁਰਅਮਨਪ੍ਰੀਤ ਸਿੰਘ ਨੂੰ ਇਕ ਠੇਕੇਦਾਰ ਲੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦਵਿੰਦਰ ਸੰਧੂ ਸ਼ਿਕਾਇਤਕਰਤਾ ਸੀ। ਇੱਥੇ ਵਰਣਨਯੋਗ ਹੈ ਕਿ ਡਬਲਿਊਡਬਲਿਊ ਆਈਸੀਐਸ ਗਰੁੱਪ ਦੇ ਸੀਨੀਅਰ ਡਾਇਰੈਕਟਰ ਅਤੇ ਲੈਫਟੀਨੈਂਟ ਕਰਨਲ ਬੀਐਸ ਸੰਧੂ ਦੇ ਪੁੱਤਰ ਦਵਿੰਦਰ ਸੰਧੂ ਨੇ ਡੀਐਫਓ ਗੁਰਅਮਨ ਸਿੰਘ ਉਤੇ ਸਟਿੰਗ ਅਪ੍ਰੇਸ਼ਨ ਕਰਦੇ ਹੋਏ ਉਸ ਨੂੰ ਨੂੰ ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਤੇ ਇਹ ਅਦਾਇਗੀ ਕਰਦੇ ਸਮੇਂ ਇਕ ਵੀਡੀਓ ਵੀ ਰਿਕਾਰਡ ਕੀਤੀ ਸੀ। ਗੁਰਅਮਰਨਪ੍ਰੀਤ ਸਿੰਘ ਬੈਂਸ ਨੂੰ ਭ੍ਹਿਸ਼ਟਾਚਾਰ ਦੇ ਦੋਸ਼ ਹੇਠ ਠੇਕੇਦਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਦਿਨੀਂ ਜੰਗਲਾਤ ਵਿਭਾਗ ਨੇ ਪਿੰਡ ਕਰੋਰਾ ਨੇੜੇ ਫਾਰਮ ਹਾਊਸ ਨੂੰ ਤੋੜ ਕੇ ਉਸ ਉੱਤੇ ਕਬਜ਼ਾ ਕਰ ਲਿਆ ਸੀ, ਜਿਸ ਸਬੰਧੀ ਫਾਰਮ ਹਾਊਸ ਦੇ ਮਾਲਕ ਦਵਿੰਦਰ ਸੰਧੂ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਨੇ ਅਧਿਕਾਰੀ ਦਾ ਸਟਿੰਗ ਅਪਰੇਸ਼ਨ ਵੀ ਕੀਤਾ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ। ਕਰਨਲ ਸੰਧੂ ਵੱਲੋਂ ਐਂਟੀ ਕੁਰੱਪਸ਼ਨ ਸੈੱਲ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ਉਤੇ ਵਿਜੀਲੈਂਸ ਪੁਲਿਸ ਨੇ ਛਾਣਬੀਣ ਕੀਤੀ ਤੇ ਡੀਐਫਓ ਦੋਸ਼ੀ ਪਾਇਆ ਗਿਆ। ਡੀਐੱਫਓ ਦੇ ਨਾਲ ਕੰਜ਼ਰਵੇਟਰ ਵਿਸ਼ਾਲ ਚੌਹਾਨ ਦਾ ਨਾਂ ਵੀ ਸਾਹਮਣੇ ਆਇਆ ਹੈ। ਸੰਧੂ ਪਿੰਡ ਮਸੌਲ ਜ਼ਿਲ੍ਹਾ ਮੁਹਾਲੀ ਵਿਖੇ ਇਕ ਫਾਰਮ ਹਾਊਸ ਦਾ ਮਾਲਕ ਹੈ। ਇਸ ਸਬੰਧੀ ਉਨ੍ਹਾਂ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਇਸ ਘਪਲੇ ਦਾ ਪਰਦਾਫਾਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਰਿਸ਼ਤਵਤ ਕਾਂਡ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰੀ ਅਧਿਕਾਰੀਆਂ ਉਤੇ ਸ਼ਿਕੰਜਾ ਕੱਸੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢੀ ਹੋਈ। ਇਸ ਸਬੰਧੀ ਸਰਕਾਰ ਨੇ ਇਕ ਨੰਬਰ ਵੀ ਜਾਰੀ ਕੀਤਾ ਹੋਇਆ ਹੈ। ਇਸ ਸਬੰਧੀ ਨੰਬਰ ਉਤੇ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸਰਕਾਰ ਵੱਲੋਂ ਤੁਰੰਤ ਇਸ ਉਤੇ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਸੰਗਰੂਰ : ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਸਰਬਜੀਤ ਕੌਰ ਦੀ ਹਾਲਤ ਵਿਗੜੀ