ਸਹਿਕਾਰੀ ਸਭਾ ਕਜਲਾ 'ਚ ਗਬਨ ਕਰਨ ਵਾਲਾ ਫਰਾਰ ਮੁਲਜ਼ਮ ਵਿਜੀਲੈਂਸ ਬਿਉਰੋ ਵੱਲੋਂ ਕਾਬੂ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਕਜਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਪਿੰਡ ਕਜਲਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੋਸਾਇਟੀ ਦੇ ਕਰਮਚਾਰੀਆਂ ਵੱਲੋਂ ਮਿਲੀਭੁਗਤ ਰਾਹੀਂ ਕੁੱਲ 4,24,02,561 ਰੁਪਏ ਦੇ ਕੀਤੇ ਗਏ ਗਬਨ ਸਬੰਧੀ ਦਰਜ ਮੁਕੱਦਮੇ ਵਿੱਚ ਇਸ ਬਹੁ-ਕਰੋੜੀ ਘੁਟਾਲੇ ਦੇ ਫਰਾਰ ਮੁਲਜਮ ਰਾਮ ਪਾਲ, ਸਾਬਕਾ ਮੈਂਬਰ, ਵਾਸੀ ਪੱਦੀ ਮੱਟਵਾਲੀ, ਥਾਣਾ ਬੰਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਹਿਕਾਰੀ ਸੋਸਾਇਟੀ ਵਿੱਚ ਕਰੀਬ 1220 ਖਾਤਾ ਧਾਰਕ/ਮੈਂਬਰ ਹਨ ਅਤੇ 2 ਟਰੈਕਟਰ ਸਮੇਤ ਵੱਡੀ ਮਾਤਰਾ ਵਿੱਚ ਵਾਹੀਯੋਗ ਜ਼ਮੀਨ ਲਈ ਖੇਤੀਬਾੜੀ ਦੇ ਸੰਦ ਵੀ ਹਨ। ਉਕਤ ਸੁਸਾਇਟੀ ਵੱਲੋਂ ਮੈਂਬਰਾਂ ਨੂੰ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਆਦਿ ਵੀ ਵੇਚੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸੁਸਾਇਟੀ ਵਿੱਚ 2 ਕਰਮਚਾਰੀ ਵੀ ਤਨਖਾਹ ਉਤੇ ਕੰਮ ਕਰਦੇ ਹਨ। ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿੱਚ ਕਰੋੜਾਂ ਰੁਪਏ ਦੀਆਂ ਐਫ.ਡੀ.ਆਰਜ਼ ਜਮਾਂ ਕਰਵਾਈਆਂ ਗਈਆਂ ਹਨ। ਵਿਭਾਗ ਦੀ ਤਕਨੀਕੀ ਟੀਮ ਵੱਲੋਂ ਇਸ ਸੁਸਾਇਟੀ ਦੀ ਅਚਨਚੇਤ ਚੈਕਿੰਗ ਦੌਰਾਨ ਸਭਾ ਦਾ ਆਡਿਟ ਕੀਤਾ ਗਿਆ ਅਤੇ ਤਿਆਰ ਕੀਤੀ ਗਈ ਰਿਪੋਰਟ ਤੋਂ ਪਾਇਆ ਗਿਆ ਇਸ ਸੋਸਾਇਟੀ ਵਿੱਚ ਸਾਲ 2012-13 ਤੋਂ ਲੈ ਕੇ ਸਾਲ 2017-18 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿੱਚ 4,24,02,561 ਰੁਪਏ ਦਾ ਗਬਨ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਵੱਲੋਂ ਉਕਤ ਸੁਸਾਇਟੀ ਦੇ 7 ਕਰਮਚਾਰੀਆਂ ਵਿਰੁੱਧ ਮੁਕੱਦਮਾ ਨੰਬਰ 16 ਮਿਤੀ 05.09.2022 ਨੂੰ ਆਈ.ਪੀ.ਸੀ. ਦੀ ਧਾਰਾ 408, 420, 465, 467, 468, 477-ਏ, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਏ, 13 (2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਦਰਜ ਕੀਤਾ ਗਿਆ ਸੀ ਜਿਨਾਂ ਵਿਚੋਂ ਤਿੰਨ ਦੋਸ਼ੀਆਂ ਸਾਬਕਾ ਸਕੱਤਰ ਪ੍ਰੇਮ ਸਿੰਘ, ਸਕੱਤਰ (ਮੁਅੱਤਲੀ ਅਧੀਨ) ਭੁਪਿੰਦਰ ਸਿੰਘ, ਹਰਜੀਤ ਸਿੰਘ ਸਾਬਕਾ ਮੈਂਬਰ (ਸਾਰੇ ਵਾਸੀ ਪਿੰਡ ਕਜਲਾ) ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਇਹ ਵੀ ਪੜ੍ਹੋ: ਸਨੈਚਰ ਦੀ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ, ਵੀਡਿਓ ਆਈ ਸਾਹਮਣੇ ਬਾਕੀ ਫਰਾਰ ਚੱਲ ਰਹੇ 4 ਮੁਲਜਮਾਂ ਵਿਚੋਂ ਸਾਬਕਾ ਮੈਂਬਰ ਰਾਮ ਪਾਲ ਨੂੰ ਵੀ ਬਿਉਰੋ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਬਾਕੀ ਦੇ ਫਰਾਰ ਚੱਲ ਰਹੇ 3 ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੰਨਾਂ ਨੂੰ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ। -PTC News