ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ 'ਚ ਭਗੌੜਾ ਜੇਲ੍ਹ ਵਾਰਡਰ ਤੇ ਨਿੱਜੀ ਬੱਸ ਦਾ ਹਾਕਰ ਕਾਬੂ
ਅੰਮ੍ਰਿਤਸਰ : ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਕੇਸ 'ਚ ਭਗੌੜੇ ਚੱਲੇ ਆ ਰਹੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਵਾਰਡਰ ਹਰਪ੍ਰੀਤ ਸਿੰਘ (ਨੰਬਰ 4611) ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਉਕਤ ਜੇਲ੍ਹ ਵਿਖੇ ਬੰਦ ਦੋਸ਼ੀ ਗੁਰਸੇਵਕ ਸਿੰਘ ਪਾਸੋਂ ਇਕ ਮੋਬਾਈਲ ਫੋਨ ਦੀ ਬ੍ਰਾਮਦਗੀ ਉਪਰੰਤ ਉਸ ਖਿਲਾਫ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਸ ਕੋਲੋਂ 8,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਨ ਉਤੇ ਦਰਜ ਮੁਕੱਦਮੇ ਵਿੱਚ ਭਗੌੜਾ ਸੀ। ਉੱਧਰ ਇਕ ਵੱਖਰੇ ਕੇਸ ਵਿੱਚ ਬੱਸ ਅੱਡਾ ਜਲੰਧਰ ਵਿਖੇ ਨਿੱਜੀ ਬੱਸ ਦੇ ਹਾਕਰ ਜਸਬੀਰ ਸਿੰਘ ਵਾਸੀ ਪਿੰਡ ਕੁਰੇਸ਼ੀਆ ਜ਼ਿਲ੍ਹਾ ਜਲੰਧਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਬੱਸ ਅੱਡੇ ਵਿੱਚੋਂ ਸਰਕਾਰੀ ਬੱਸਾਂ ਦੇ ਰਵਾਨਗੀ ਸਮੇਂ ਨੂੰ ਬਦਲਕੇ ਪ੍ਰਾਈਵੇਟ ਬੱਸਾਂ ਨੂੰ ਲਾਹਾ ਦਿਵਾਉਣ ਸਬੰਧੀ ਪ੍ਰਾਈਵੇਟ ਬੱਸਾਂ ਵਾਲਿਆਂ ਕੋਲੋਂ ਰਿਸ਼ਵਤ ਇਕੱਠੀ ਕਰਨ ਦੇ ਦੋਸ਼ ਸਬੰਧੀ ਦਰਜ ਕੇਸ 'ਚ ਭਗੌੜਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਾਰਡਰ ਹਰਪ੍ਰੀਤ ਸਿੰਘ ਵਾਸੀ ਪਿੰਡ ਵੈਰੋਵਾਲ ਦਾਰਾਪੁਰ, ਜਿਲਾ ਤਰਨਤਾਰਨ ਉਪਰ ਕੇਂਦਰੀ ਜੇਲ ਅੰਮਿ੍ਰਤਸਰ ਵਿਖੇ ਬੰਦ ਦੋਸ਼ੀ ਗੁਰਸੇਵਕ ਸਿੰਘ ਕੋਲੋ ਇਕ ਮੋਬਾਈਲ ਫੋਨ ਬਰਾਮਦ ਕਰਨ ਬਦਲੇ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਸ ਕੋਲੋਂ 8,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਲੱਗੇ ਸਨ। ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਉਸਾਰੀ ਮਜ਼ਦੂਰਾਂ ਦੀ ਤਨਖ਼ਾਹ 'ਚ ਕੀਤਾ ਵਾਧਾ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 42, 52-ਏ ਜੇਲ ਕਾਨੂੰਨ ਦੇ ਤਹਿਤ ਐਫ.ਆਈ.ਆਰ ਨੰਬਰ 152, ਮਿਤੀ 07-04-2022 ਨੂੰ ਇਕ ਕੇਸ ਦਰਜ ਕੀਤਾ ਹੋਇਆ ਸੀ ਤੇ ਇਸ 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਲੱਗੀਆਂ ਹੋਣ ਕਰਕੇ ਇਹ ਮੁਕੱਦਮਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੂੰ ਤਬਦੀਲ ਕੀਤਾ ਗਿਆ ਸੀ। ਉਕਤ ਮੁਲਜ਼ਮ ਦੀ ਗ੍ਰਿਫ਼ਤਾਰੀ ਉਪਰੰਤ ਉਸ ਤੋਂ ਹੋਰ ਪੁੱਛਗਿੱਛ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੁਝ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀਆਂ ਉਪਰ ਨਿੱਜੀ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦੇ ਚੱਲਣ ਦਾ ਸਮਾਂ ਬਦਲਕੇ ਰੋਜ਼ਾਨਾ/ਮਹੀਨਾਵਾਰ ਰਿਸ਼ਵਤ ਵਸੂਲਣ ਦੇ ਦੋਸ਼ ਲੱਗੇ ਸਨ। ਇਸ ਸਬੰਧ ਵਿਚ ਬਿਊਰੋ ਵੱਲੋਂ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ 120-ਬੀ ਆਈ.ਪੀ.ਸੀ ਤਹਿਤ ਐਫ.ਆਈ.ਆਰ ਨੰਬਰ 05, ਮਿਤੀ 30.04.2021 ਨੂੰ ਇਕ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਜਸਬੀਰ ਸਿੰਘ ਨੂੰ ਬੱਸ ਅੱਡਾ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਤੋਂ ਹੋਰ ਪੁੱਛਗਿੱਛ ਜਾਰੀ ਹੈ। -PTC News