ਸਰਕਾਰੀ ਸਕੂਲ 'ਚ ਬਾਥਰੂਮਾਂ ਦੀ ਸਫ਼ਾਈ ਕਰਦੇ ਬੱਚਿਆਂ ਦੀ ਵੀਡੀਓ ਵਾਇਰਲ, ਸਰਪੰਚ ਨੇ ਮੰਗੀ ਕਾਰਵਾਈ
ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਦੇ ਐਲੀਮੈਂਟਰੀ ਸਕੂਲ ਦੇ ਬੱਚਿਆ ਤੋਂ ਸਕੂਲ ਦੇ ਗੰਦੇ ਬਾਥਰੂਮ ਤੇ ਟਾਇਲਟ ਸਾਫ਼ ਕਰਵਾਉਣ ਦੀ ਵੀਡਿਓ ਸ਼ੋਸ਼ਲ ਮੀਡੀਆ ਉਤੇ ਵਾਈਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਦੇ ਸਬੰਧ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਦਾ ਪੱਖ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਫ਼ਾਈ ਪੰਦਰਵਾੜਾ ਚੱਲ ਰਿਹਾ ਸੀ ਜਿਸ ਵਿਚ ਬੱਚਿਆਂ ਤੋਂ ਸਫ਼ਾਈ ਕਰਵਾਉਣਾ ਇਸਦਾ ਹਿੱਸਾ ਸੀ ਤੇ ਵਾਇਰਲ ਵੀਡੀਓ ਨੂੰ ਤੋੜ ਮਰੋੜ ਕਰ ਪੇਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਸਬੰਧ ਵਿਚ ਦੇਨੋਵਾਲ ਖ਼ੁਰਦ ਦੇ ਸਰਪੰਚ ਜਤਿੰਦਰ ਜੋਤੀ ਨੇ ਕਿਹਾ ਕਿ ਸਫ਼ਾਈ ਪੰਦਰਵਾੜਾ ਦੌਰਾਨ ਸਕੂਲ ਦੇ ਬੱਚਿਆਂ ਤੋਂ ਬਾਥਰੂਮਾਂ ਦੀ ਸਫ਼ਾਈ ਕਰਵਾਉਣ ਦੀ ਥਾਂ ਉਨ੍ਹਾਂ ਵੱਲੋਂ ਕੋਈ ਹੋਰ ਗਤੀਵਿਧੀ ਕਰਵਾਈ ਜਾ ਸਕਦੀ ਸੀ। ਬੱਚਿਆਂ ਤੋਂ ਗੰਦੇ ਬਾਥਰੂਮਾਂ ਦੀ ਸਫ਼ਾਈ ਕਰਵਾਉਣਾ ਕਿੰਨਾ ਜਾਇਜ਼ ਹੈ। ਇਹ ਵੀ ਪੜ੍ਹੋ : ਐਲਡੀਪੀ ਸਕੀਮ ਤਹਿਤ ਪਲਾਟ ਅਲਾਟਮੈਂਟ ਘੁਟਾਲੇ 'ਚ ਇੰਪਰੂਵਮੈਂਟ ਟਰੱਸਟ ਦੇ ਚਾਰ ਅਧਿਕਾਰੀ ਗ੍ਰਿਫ਼ਤਾਰ ਪਿੰਡ ਦੇ ਸਰਪੰਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਕੂਲਾਂ ਵਿੱਚ ਬੱਚਿਆਂ ਤੋਂ ਬਾਥਰੂਮਾਂ ਦੀ ਸਫ਼ਾਈ ਕਰਵਾਉਣ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀ ਪੜ੍ਹਨ ਜਾਂਦੇ ਹਨ, ਇਸ ਤਰ੍ਹਾਂ ਸਫ਼ਾਈ ਕਰਨ ਨਹੀਂ ਜਾਂਦੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਕੋਲੋਂ ਇਸ ਤਰੀਕੇ ਨਾਲ ਟਾਇਲਟ ਸਾਫ਼ ਕਰਵਾਉਣਾ ਚੰਗੀ ਗੱਲ ਨਹੀਂ। ਬੱਚਿਆਂ ਤੋਂ ਸਕੂਲ ਵਿਚ ਕਰਵਾਈ ਜਾ ਰਹੀ ਸਫ਼ਾਈ ਦੀ ਵਾਇਰਲ ਹੀ ਵੀਡੀਓ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਅਤੇ ਲੋਕ ਇਸ ਦੀ ਸਖ਼ਤ ਨਿਖੇਧੀ ਕਰ ਰਹੇ ਹਨ। -PTC News