ਸਿਹਤ ਮੰਤਰੀ ਵੱਲੋਂ ਕੀਤੇ ਗਏ ਮਾੜੇ ਸਲੂਕ ਕਾਰਨ ਬਾਬਾ ਫਰੀਦ ਮੈਡੀਕਲ 'ਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨੇ ਦਿੱਤਾ ਅਸਤੀਫ਼ਾ
ਫਰੀਦਕੋਟ : ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਕੀਤੇ ਗਏ ਮਾੜੇ ਸਲੂਕ ਦਾ ਮਾਮਲਾ ਕਾਫੀ ਭਖ ਗਿਆ ਹੈ। ਬੀਤੇ ਦਿਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੰਦ ਪਏ ਵਾਰਡ ਨੂੰ ਖੋਲ੍ਹ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੂੰ ਬਿਸਤਰੇ ਉਤੇ ਪਏ ਪੁਰਾਣੇ ਗੱਦੇ 'ਤੇ ਲਟਾ ਦਿੱਤਾ।
ਇਸ ਤੋਂ ਦੁਖੀ ਹੋ ਕੇ ਡਾ. ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਰ ਰਾਤ ਰਾਜਪਾਲ ਬਨਵਾਰੀ ਲਾਲ ਪੁਰਹਿਤ ਨੂੰ ਆਪਣਾ ਅਸਤੀਫਾ ਪੱਤਰ ਭੇਜ ਦਿੱਤਾ। ਇਸ ਤਰ੍ਹਾਂ ਮਾੜੇ ਸਲੂਕ ਕਾਰਨ ਉਹ ਕਾਫੀ ਪਰੇਸ਼ਾਨ ਚੱਲ ਰਹੇ ਸਨ। ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਿਰੀਖਣ ਦੌਰਾਨ ਇਕ ਵਾਰਡ 'ਚ ਬੈੱਡ 'ਤੇ ਪਏ ਇਕ ਫਟੇ ਹੋਏ ਪੁਰਾਣੇ ਗੱਦੇ ਨੂੰ ਦੇਖ ਕੇ ਭੜਕ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨੂੰ ਇਸ ਗੱਦੇ 'ਤੇ ਲੇਟਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਬਿਨਾਂ ਆਪਣੀ ਮਰਜ਼ੀ ਦੇ ਗੱਦੇ ਉਤੇ ਲੇਟਣਾ ਪਿਆ।
ਸਿਹਤ ਮੰਤਰੀ ਦੇ ਮਾੜੇ ਰਵੱਈਏ ਤੋਂ ਪਰੇਸ਼ਾਨ ਹੋ ਕੇ ਡਾ. ਰਾਜ ਬਹਾਦਰ ਦੇ ਪੀਏ ਓਪੀ ਚੌਧਰੀ ਨੇ ਵੀ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਨੇ ਸਰਕਾਰ ਨੂੰ ਆਪਣੇ ਅਸਤੀਫ਼ੇ ਭੇਜੇ ਸਨ। ਭਾਵੇਂ ਅਸਤੀਫਾ ਦੇਣ ਦਾ ਕਾਰਨ ਜ਼ਿਆਦਾ ਕੰਮ ਦਾ ਬੋਝ ਦੱਸਿਆ ਜਾਂਦਾ ਹੈ ਪਰ ਇਹ ਚਰਚਾ ਆਮ ਹੈ ਕਿ ਮੈਡੀਕਲ ਸਿੱਖਿਆ ਅਤੇ ਦਵਾਈ ਨਾਲ ਸਬੰਧਤ ਦੋ ਅਧਿਕਾਰੀਆਂ ਵੱਲੋਂ ਇਕੱਠੇ ਅਸਤੀਫੇ ਭੇਜੇ ਜਾਣ ਤੋਂ ਬਾਅਦ ਦੋਵੇਂ ਅਧਿਕਾਰੀ ਸਿਹਤ ਮੰਤਰੀ ਦੇ ਵਤੀਰੇ ਤੋਂ ਨਾਰਾਜ਼ ਸਨ।
ਇਹ ਵੀ ਪੜ੍ਹੋ : ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ