ਪੰਜਾਬ ਬੰਦ ਨੂੰ ਲੈ ਕੇ ਦੋ ਧੜਿਆਂ 'ਚ ਵੰਡਿਆ ਗਿਆ ਵਾਲਮੀਕਿ ਭਾਈਚਾਰਾ, ਬੰਦ ਨੂੰ ਲੈ ਕੇ ਭੰਬਲਭੂਸਾ
ਜਲੰਧਰ : ਅੱਜ ਦੇ ਪੰਜਾਬ ਬੰਦ ਨੂੰ ਲੈ ਕੇ ਵਾਲਮੀਕਿ ਭਾਈਚਾਰਾ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਇਸ ਕਾਰਨ ਬੰਦ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ। ਵਾਲਮੀਕਿ ਭਾਈਚਾਰੇ ਦੇ ਇਕ ਧੜੇ ਨੇ ਬੰਦ ਦਾ ਸੱਦਾ ਵਾਪਸ ਲੈਣ ਦੀ ਹਮਾਇਤ ਕੀਤੀ ਜਦਕਿ ਦੂਜਾ ਧੜਾ ਬੰਦ ਕਰਵਾਉਣ ਲਈ ਅੜਿਆ ਹੋਇਆ ਹੈ। ਦੋਵੇਂ ਧੜਿਆਂ ਦੇ ਵੱਖ-ਵੱਖ ਫ਼ੈਸਲਿਆਂ ਨਾਲ ਲੋਕ ਬੰਦ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਹਨ। ਵਾਲਮੀਕਿ ਟਾਈਗਰ ਫੋਰਸ ਅਤੇ ਰਵਿਦਾਸ ਟਾਈਗਰ ਫੋਰਸ ਨੇ ਜਲੰਧਰ ਬੰਦ ਦਾ ਸੱਦਾ ਦਿੱਤਾ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਦ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ। ਇਸ ਦਰਮਿਆਨ ਨਿੱਜੀ ਸਕੂਲਾਂ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵਾਲਮੀਕਿ ਭਾਈਚਾਰੇ ਨੇ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਦਾ ਸਮਾਂ ਮਿਲਣ ਮਗਰੋਂ ਵਾਲਮੀਕਿ ਭਾਈਚਾਰੇ ਨੇ ਪੰਜਾਬ ਬੰਦ ਦਾ ਫ਼ੈਸਲਾ ਵਾਪਸ ਲੈ ਲਿਆ ਸੀ। ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਮੁੱਖ ਮੰਤਰੀ ਵਿਚਕਾਰ 19 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਮੀਟਿੰਗ ਹੋਵੇਗੀ। ਬੀਤੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਪੁਲਿਸ ਪਰਮਿੰਦਰ ਸਿੰਘ ਭੰਡਾਲ ਤੇ ਐਸਐਸਪੀ ਅੰਮ੍ਰਿਤਸਰ ਸਵੱਪਨ ਸ਼ਰਮਾ ਨਾਲ ਕੀਤੀ ਮੀਟਿੰਗ ਵਿੱਚ ਵਾਲਮੀਕਿ ਸਮਾਜ ਦੇ ਆਗੂਆਂ ਤੇ ਭਗਵਾਨ ਵਾਲਮੀਕਿ ਤੀਰਥ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ, ਸ੍ਰੀ ਓ ਪ੍ਰਕਾਸ਼ ਅਨਾਰੀਆ, ਸਸ਼ੀ ਨਾਗ, ਰਵਿੰਦਰ ਹੰਸ ਨੇ ਫੈਸਲਾ ਕੀਤਾ ਸੀ ਕਿ ਜਦੋਂ ਮੁੱਖ ਮੰਤਰੀ ਪੰਜਾਬ ਵੱਲੋਂ ਸਮਾਜ ਦੇ ਆਗੂਆਂ ਨੂੰ ਗੱਲਬਾਤ ਲਈ 19 ਅਗਸਤ ਦਾ ਸਮਾਂ ਦੇ ਦਿੱਤਾ ਗਿਆ ਹੈ ਤਾਂ ਪੰਜਾਬ ਬੰਦ ਦਾ ਫੈਸਲਾ ਵਾਪਸ ਲੈ ਲਿਆ ਜਾਵੇ। ਕਾਬਿਲੇਗੌਰ ਹੈ ਕਿ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਐੱਸਸੀ/ਬੀਸੀ ਵਰਗ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਾਰਨ ਵਾਲਮੀਕਿ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਲਿਤ ਸਮਾਜ ਦੀ ਮੰਗ ਹੈ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਵਿਵਾਦਤ ਟਿੱਪਣੀ ਨਾ ਕਰੇ। ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ 'ਚੋਂ ਮਿਲੀ ਬੱਚੀ ਦੀ ਲਾਸ਼