ਇਸ ਜ਼ਿਲ੍ਹੇ 'ਚ ਇਕ ਸਾਲ ਲਈ ਠੇਕੇ ਦੇ ਆਧਾਰ 'ਤੇ ਭਰੀਆਂ ਜਾਣਗੀਆਂ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ
ਜਲੰਧਰ:ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਠੇਕੇ ਦੇ ਆਧਾਰ 'ਤੇ ਮਾਲ ਪਟਵਾਰੀਆਂ ਦੀਆਂ 221 ਖਾਲੀ ਅਸਾਮੀਆਂ ਨੂੰ ਭਰਨ ਲਈ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਸਮੁੱਚੀ ਭਰਤੀ 31 ਜੁਲਾਈ 2023 ਤੱਕ ਇੱਕ ਸਾਲ ਲਈ ਹੋਵੇਗੀ ਅਤੇ ਯੋਗ ਬਿਨੈਕਾਰ 9 ਜੂਨ ਤੱਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 25,000 ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਸਾਮੀ ਲਈ ਅਪਲਾਈ ਕਰਨ ਦੀ ਵੱਧ ਤੋਂ ਵੱਧ ਉਮਰ 64 ਸਾਲ ਹੈ ਅਤੇ ਬਿਨੈਕਾਰ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਜਾਂਚ ਪੈਂਡਿੰਗ ਨਹੀਂ ਹੋਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਹ ਨਿਯੁਕਤੀਆਂ ਸਿਰਫ਼ ਪੇਂਡੂ ਖੇਤਰਾਂ ਲਈ ਕੀਤੀਆਂ ਜਾਣਗੀਆਂ ਅਤੇ ਚੁਣੇ ਗਏ ਪਟਵਾਰੀ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਅਤੇ ਉਹ ਆਪਣੇ ਸਬੰਧਤ ਏ.ਐਸ.ਐਮ/ਡੀ.ਐਸ.ਐਮ. ਰਾਹੀਂ ਹੀ ਕੰਮ ਕਰਨਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਯੋਗ ਸੇਵਾਮੁਕਤ ਪਟਵਾਰੀ/ਕਾਨੂੰਨਗੋ 9 ਜੂਨ, 2022 ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 212, ਸਦਰ ਕਾਨੂੰਨਗੋ ਸ਼ਾਖਾ ਵਿਖੇ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾ ਸਕਦੇ ਹਨ। ਬਿਨੈਕਾਰ ਨੂੰ ਅਰਜ਼ੀ ਦੇ ਨਾਲ ਆਪਣੇ ਸੇਵਾਮੁਕਤੀ ਦੇ ਹੁਕਮਾਂ ਦੀ ਕਾਪੀ ਨਾਲ ਨੱਥੀ ਕਰਨੀ ਹੋਵੇਗੀ। ਨਾਲ ਹੀ ਸਵੈ ਘੋਸ਼ਣਾ ਵੀ ਦੇਣੀ ਹੋਵੇਗੀ, ਜਿਸ ਵਿੱਚ ਲਿਖਿਆ ਹੋਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਅਤੇ ਨਾ ਹੀ ਉਸ ਖਿਲਾਫ਼ ਕੋਈ ਕੋਰਟ ਕੇਸ/ਜਾਂਚ/ਐਫ.ਆਈ.ਆਰ. ਪੈਂਡਿੰਗ ਹੈ। ਇਹ ਵੀ ਪੜ੍ਹੋ:ਬੇਟੇ ਨੇ ਹੀ ਮਾਂ-ਬਾਪ ਦਾ ਕਤਲ ਕਰਵਾਉਣ ਲਈ ਦਿੱਤੀ ਸੀ ਸੁਪਾਰੀ -PTC News