ਅਮਰੀਕਾ 'ਚ ਅੰਤਿਮ ਸਸਕਾਰ ਮੌਕੇ ਗੋਲੀਬਾਰੀ, ਕਈ ਲੋਕ ਜ਼ਖ਼ਮੀ
ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਵਾਰ ਫਿਰ ਸ਼ਰੇਆਮ ਗੋਲੀਬਾਰੀ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਅਮਰੀਕਾ ਦੇ ਵਿਸਕਾਨਸਿਨ ਸੂਬੇ 'ਚ ਅੰਤਿਮ ਸਸਕਾਰ ਦੌਰਾਨ ਇਕ ਸ਼ੂਟਰ ਨੇ ਕਈ ਲੋਕਾਂ 'ਤੇ ਫਾਈਰਿੰਗ ਕਰ ਦਿੱਤੀ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ। ਰੇਸੀਨ ਪੁਲਿਸ ਵਿਭਾਗ ਨੇ ਟਵਿੱਟਰ 'ਤੇ ਦੱਸਿਆ ਕਿ ਦੁਪਹਿਰ 2:26 ਵਜੇ ਗ੍ਰੇਸਲੈਂਡ ਕਬਰਸਤਾਨ ਉਤੇ ਫਾਈਰਿੰਗ ਕੀਤੀ ਗਈ। ਇਸ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਹਾਲਾਂਕਿ, ਜ਼ਖ਼ਮੀਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਟੀਮ ਨੇ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟਵੀਟ ਕਰ ਕੇ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਟਵੀਟ ਕਰ ਕੇ ਲੋਕਾਂ ਨੂੰ ਘਟਨਾ ਸਥਾਨ ਦੇ ਨੇੜੇ ਨਾ ਜਾਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਸਥਾਨਕ ਮੀਡੀਆ ਨੇ ਦੱਸਿਆ ਕਿ ਅੰਤਿਮ ਸੰਸਕਾਰ 'ਚ ਪੰਜ ਲੋਕ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਵਿੱਚ ਸ਼ਰੇਆਮ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤੁਲਸਾ, ਓਕਲਾਹੋਮਾ ਵਿੱਚ ਇੱਕ ਨੌਜਵਾਨ ਨੇ ਇੱਕ ਹਸਪਤਾਲ ਕੰਪਲੈਕਸ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਮਲਾਵਰ ਵੀ ਮਾਰਿਆ ਗਿਆ। ਇਸ ਤੋਂ ਪਹਿਲਾਂ ਇਕ ਸਕੂਲ ਦੇ ਬਾਹਰ ਕਨਵੋਕੇਸ਼ਨ ਸਮਾਰੋਹ ਦੌਰਾਨ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ, ਜਦਕਿ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਟੈਕਸਾਸ 'ਚ ਇਕ ਵਿਦਿਆਰਥੀ ਨੇ ਸਕੂਲ 'ਚ ਦਾਖ਼ਲ ਹੋ ਕੇ ਆਪਣੇ ਹੀ ਸਕੂਲ ਦੇ ਵਿਦਿਆਰਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ 'ਚ 21 ਮਾਸੂਮ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਮੂਸੇ ਦੇ ਦੌਰੇ ਦੇ ਐਲਾਨ ਮਗਰੋਂ ਮਾਹੌਲ ਹੋਇਆ ਤਣਾਅਪੂਰਨ