ਦੋ ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਪੰਜਾਬੀ ਯੂਨੀਵਰਸਿਟੀ ਮੁਲਾਜ਼ਮ ਨੇ ਮੰਗੀ ‘ਬੇਵੱਸੀ ਛੁੱਟੀ’
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਸੰਕਟ ਇਸ ਸਥਿਤੀ ਵਿਚ ਪੁੱਜ ਗਿਆ ਹੈ ਕਿ ਤਨਖਾਹਾਂ ਤੋਂ ਵਾਂਝੇ ਮੁਲਾਜਮਾਂ ਨੇ ‘ਬੇਵੱਸੀ ਛੁੱਟੀ’ ਦੇਣ ਦੀ ਮੰਗ ਕਰ ਦਿੱਤੀ ਹੈ। ਪੰਜਾਬੀ ’ਵਰਸਿਟੀ ਪ੍ਰਸ਼ਾਸਨ ਨੂੰ ਲਿਖੇ ਪੱਤਰ ’ਚ ਮੁਲਾਜ਼ਮ ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀਨੀਅਰ ਸਹਾਇਕ ਦੀ ਪੋਸਟ ਤੇ ਕੰਮ ਕਰ ਰਿਹਾ ਹੈ। ਉਹ ਪਿਛਲੇ 1-2 ਸਾਲਾਂ ਤੋਂ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਬਹੁਤ ਮਾਨਸਿਕ ਪੀੜਾ ਦਾ ਸਾਹਮਣਾ ਕਰ ਰਿਹਾ ਹੈ। ਹੁਣ ਵੀ ਉਹ ਪੂਰਾ ਮਾਰਚ ਮਹੀਨਾਂ ਅਤੇ ਅਪ੍ਰੈਲ ਮਹੀਨਾ ਤੇ ਹੁਣ ਮਈ ਦੀ 6 ਤਰੀਕ ਤੱਕ ਆਪਣੀ ਨੌਕਰੀ ਤੇ ਸਮੇਂ ਸਿਰ ਹਾਜ਼ਰ ਹੋ ਰਿਹਾ ਹੈ। ਉਹ ਬਹੁਤ ਇਮਾਨਦਾਰੀ ਅਤੇ ਪਾਬੰਦੀ ਨਾਲ ਡਿਊਟੀ ਨਿਭਾਅ ਰਿਹਾ ਹੈ ਪਰ 2 ਮਹੀਨੇ ਕੰਮ ਕਰਨ ਤੋਂ ਬਾਅਦ ਵੀ ਤਨਖਾਹ ਨਾ ਮਿਲਣ ਕਰਕੇ ਮੇਰੀਆਂ ਦੇਣਦਾਰੀਆਂ ਖੜ੍ਹ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹਾਲ ਸਾਰੇ ਮੁਲਾਜ਼ਮਾਂ ਦਾ ਹੋਇਆ ਪਿਆ ਹੈ। ਇਸ ਲਈ ਉਸ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜੇ ਮੁਲਾਜ਼ਮ ਤਨਖਾਹ ਨਾ ਮਿਲਣ ਕਰਕੇ ਕਿਰਾਏ ਆਦਿ ਦੀ ਕਮੀ ਕਰਕੇ ਡਿਊਟੀ ਤੇ ਨਹੀਂ ਆ ਸਕਦੇ ਉਨ੍ਹਾਂ ਲਈ ਵਿਸ਼ੇਸ਼ ਅਚਨਚੇਤ ਛੁੱਟੀ, ਕਮਾਈ ਛੁੱਟੀ ਆਦਿ ਤਰਜ਼ ਤੇ `ਬੇਵੱਸੀ ਛੁੱਟੀ` ਦੀ ਵਿਵਸਥਾ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਤੇ ਆਟਾ-ਦਾਲ ਲਈ ਵੀ ਰਾਸ਼ਨ ਦੀ ਦੁਕਾਨ ਵਾਲੇ, ਲੋਨ ਦੀਆਂ ਕਿਸ਼ਤਾਂ ਵਾਲੇ, ਦੁੱਧ ਵਾਲਿਆਂ ਨੇ ਪੈਸੇ ਦੇਣ ਲਈ ਬਹੁਤ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਲਈ ਉਸ ਨੇ ਫੈਸਲਾ ਕੀਤਾ ਹੈ ਕਿ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣ ਉਪਰੰਤ ਮੈਂ ਅਤੇ ਮੇਰਾ ਪਰਿਵਾਰ ਸ੍ਰੀ ਅਮ੍ਰਿਤਸਰ ਸਾਹਿਬ ਗੁਰੂ-ਘਰ ਚਲਾ ਜਾਵਾਂ।ਕਿਉਂਕਿ ਹੁਣ ਤੋਂ ਆਟਾ ਦਾਲ ਖਰੀਦਣ ਤੋਂ ਵੀ ਅਸਮਰੱਥ ਹੋ ਗਿਆ ਹਾਂ। ਉਸ ਕੋਲ ਹੁਣ ਘਰ ਦੇ ਜਰੂਰੀ ਖਰਚ ਕਰਨ ਲਈ ਵੀ ਪੈਸੇ ਨਹੀਂ ਹਨ।ਇਸ ਲਈ ਰੋਜਾਨਾ ਰੋਟੀ ਦਾ ਮਸਲਾ ਤਾਂ ਗੁਰੂ-ਘਰ ਤੋਂ ਲੰਗਰ ਮਿਲਣ ਨਾਲ ਹੱਲ ਹੋ ਜਾਵੇਗਾ ਤੇ ਕਿਸ਼ਤਾਂ ਆਦਿ ਦੇ ਪੈਸੇ ਮੰਗਣ ਵਾਲਿਆ ਤੋਂ ਵੀ ਬਚਾਅ ਹੋ ਜਾਵੇਗਾ। ਇਸ ਲਈ ਉਸ ਦੀ ਮੁਸ਼ਕਿਲ ਨੂੰ ਦੇਖਦੇ ਬੇਵੱਸੀ ਛੁੱਟੀ’ ਦੀ ਵਿਵਸਥਾ ਜਲਦੀ ਤੋਂ ਜਲਦੀ ਕੀਤੀ ਜਾਵੇ।ਤਾਂ ਜੋ ਉਹ ਬੇਵੱਸੀ ਛੁੱਟੀ ਲੈ ਸਕੇ। ਇਹ ਵੀ ਪੜ੍ਹੋ:ਪੰਜਾਬ ਦੀਆਂ 45 ਨੌਜਵਾਨ ਸਿੱਖ ਜਥੇਬੰਦੀਆਂ ਦੀ ਹੋਈ ਵਿਸ਼ੇਸ਼ ਇਕੱਤਰਤਾ -PTC News