ਲੰਗੇਰੀ ਅਤੇ ਮਾਹਿਲਪੁਰ 'ਚ ਅਣਪਛਾਤੇ ਚੋਰਾਂ ਨੇ 7 ਥਾਵਾਂ 'ਤੇ ਕੀਤਾ ਹੱਥ ਸਾਫ਼
ਹੁਸ਼ਿਆਰਪੁਰ, 18 ਅਗਸਤ: ਮਾਹਿਲਪੁਰ ਸ਼ਹਿਰ ਦੇ ਬੱਸ ਅੱਡੇ, ਇੱਕ ਦੁਕਾਨ ਅਤੇ ਸ਼ਹਿਰ ਦੇ ਬਾਹਰਲੇ ਪਾਸੇ ਸਥਿਤ ਧਾਰਮਿਕ ਸਥਾਨ ਤੇ ਅਣਪਛਾਤੇ ਚੋਰਾਂ ਨੇ ਧਾਵਾ ਬੋਲ ਕੇ ਇੱਕ ਬੱਸ ਦੀਆਂ ਦੋ ਬੈਟਰੀਆਂ, ਇੱਕ ਦੁਕਾਨ ਵਿਚ ਖ਼ੜੀ ਗੱਡੀ ਦੀ ਬੈਟਰੀ ਅਤੇ ਧਾਰਮਿਕ ਸਥਾਨ ਦੀ ਗੋਲਕ ਅਤੇ ਵੱਡੀ ਮਾਤਰਾ 'ਚ ਭਾਂਡੇ ਚੋਰੀ ਕਰ ਲਏ।
ਇਸੇ ਤਰਾਂ ਪਿੰਡ ਲੰਗੇਰੀ ਵਿਚ ਆਂਗਣਵਾੜੀ 'ਚੋਂ ਸਿਲੰਡਰ, ਟਰੈਕਟਰ ਦੀ ਬੈਟਰੀ ਅਤੇ ਧਾਰਮਿਕ ਡੇਰੇ ਤੋਂ ਸਾਈਕਲ ਚੋਰੀ ਕਰਕੇ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ।
ਚੋਰਾਂ ਨੇ ਪੰਜਾਬ ਰੋਡਵੇਜ਼ ਨੰਗਲ ਡਿਪੂ ਦੀ ਬਸ ਅਤੇ ਸੰਨੀ ਹੈਲਥ ਕੇਅਰ ਦੇ ਬਾਹਰ ਖ਼ੜੀ ਗੱਡੀ ਦੀ ਬੈਟਰੀ ਵੀ ਚੋਰੀ ਕਰ ਲਈ | ਸਾਬਕਾ ਸਰਪੰਚ ਸੁਖ਼ਵਿੰਦਰ ਸਿੰਘ ਮੁੱਗੋਵਾਲ ਨੇ ਦੱਸਿਆ ਕਿ ਉਨ੍ਹਾਂ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ ਰਾਂਹੀ ਚੋਰੀ ਕਰਦੇ ਚੋਰ ਦੀ ਫ਼ੁਟੇਜ ਲੈ ਕੇ ਪੁਲਿਸ ਨੂੰ ਦੇ ਦਿੱਤੀ ਹੈ। ਇਸ ਤਰਾਂ ਚੋਰਾਂ ਨੇ ਸ਼ਹਿਰ ਦੇ ਬਾਹਰਵਾਰ ਧਾਰਮਿਕ ਸਥਾਨ ਬਾਬਾ ਮਸਤ ਰਾਮ ਵਿਚ ਵੀ ਚੋਰੀ ਕੀਤੀ।
ਧਾਰਮਿਕ ਸਥਾਨ ਦੇ ਪ੍ਰਬੰਧਕਾਂ ਮਹਿੰਦਰ ਸਿੰਘ ਨੇ ਦੱਸਿਆ ਕਿ ਸੰਗਰਾਂਦ ਦਾ ਦਿਹਾੜਾ ਮਨਾਉਣ ਲਈ ਜਦੋਂ ਇੱਕਠੇ ਹੋਏ ਤਾਂ ਦੇਿਖ਼ਆ ਕਿ ਅਣਪਛਾਤੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਤਾਲੇ ਤੋੜ ਕੇ ਗੋਲਕ, ਜਿਸ ਵਿਚ ਪੰਜ ਹਜ਼ਾਰ ਦੀ ਨਗਦੀ ਸੀ, ਚੋਰੀ ਕਰ ਲਈ। ਚੋਰਾਂ ਨੇ ਗੁਰਦੁਆਰਾ ਸਾਹਿਬ ਅੰਦਰੋਂ ਖ਼ੰਡ ਦੀ ਬੋਰੀ, 100 ਦੇ ਕਰੀਬ ਗਲਾਸ, ਥਾਲ, ਸੀਸੀਟੀਵੀ ਕੈਮਰੇ, ਐਲਈਡੀ, ਦੋ ਪੱਖ਼ੇ, ਥਰਮੋਸ ਬੋਤਲ ਸਮੇਤ ਹੋਰ ਸਮਾਨ ਵੀ ਚੋਰੀ ਕਰ ਲਿਆ।
ਇਸੇ ਤਰਾਂ ਚੋਰਾਂ ਨੇ ਪਿੰਡ ਲੰਗੇਰੀ ਵਿਖ਼ੇ ਬੀਤੀ ਰਾਤ ਆਂਗਣਵਾੜੀ ਸੈਂਟਰ ਵਿੱਚੋਂ ਸਿਲੰਡਰ ਅਤੇ ਹੋਰ ਕੀਮਤੀ ਸਮਾਨ, ਬਾਬਾ ਚੁੱਪ ਦਾਸ ਦੇ ਸਥਾਨ ਤੋਂ ਸਾਈਕਲ ਅਤੇ ਸਰਪੰਚ ਗੁਰਜੀਤ ਕੌਰ ਦੇ ਵਾੜੇ ਵਿੱਚੋਂ ਖ਼ੜੇ ਟਰੈਕਟਰ ਦੀ ਬੈਟਰੀ ਚੋਰੀ ਕਰ ਲਈ। ਪੀੜਿਤ ਔਰਤ ਦਲਜੀਤ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਲੰਗੇਰੀ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਅੰਦਰੋਂ 25 ਤੋਲੇ ਤੋਂ ਵੱਧ ਸੋਨਾ, 30 ਹਜ਼ਾਰ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ਵੀ ਚੋਰੀ ਕਰ ਲਿਆ।
ਇਸ ਸਬੰਧ ਦੇ ਵਿੱਚ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਚੋਰੀ ਦੀ ਥਾਵਾਂ ਦਾ ਦੌਰਾ ਕਰਕੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।
-PTC News