ਪੰਚਾਇਤ ਸਕੱਤਰ ਦੇ ਘਰ 'ਤੇ ਅਣਪਛਾਤਿਆਂ ਨੇ ਕੀਤੀ ਫਾਇਰਿੰਗ
ਮੋਗਾ : ਲੁਟੇਰਿਆਂ ਤੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਅਜਿਹੀ ਹੀ ਘਟਨਾ ਮੋਗਾ ਜ਼ਿਲ੍ਹੇ ਵਿੱਚ ਵਾਪਰੀ। ਦਿਨ-ਦਿਹਾੜੇ ਪਿੰਡ ਡਾਲਾ ਵਿਚ ਅਣਪਛਾਤਿਆਂ ਨੇ ਪੰਚਾਇਤ ਸਕੱਤਰ ਸੁਖਵੀਰ ਸਿੰਘ ਦੇ ਘਰ ਚਾਰ ਫਾਇਰ ਕੀਤੇ। ਸੁਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਅਪ੍ਰੈਲ ਮਹੀਨੇ ਤੋਂ ਲਗਾਤਾਰ ਫੋਨ ਉਤੇ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਫਾਇਰਿੰਗ ਕਰਨ ਵਾਲੇ ਵਿਅਕਤੀ ਅੱਜ ਸਵੇਰੇ 7.45 ਦੇ ਕਰੀਬ ਘਰ ਦੇ ਅੱਗੇ ਮੋਟਰਸਾਈਕਲ ਉਤੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਉਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਚਾਇਤ ਸਕੱਤਰ ਦੇ ਬਿਆਨਾਂ ਦੇ ਆਧਾਰ ਉਤੇ ਇੱਕ ਮਹੀਨਾ ਪਹਿਲਾਂ ਦੋ ਗਰੁੱਪਾਂ ਦੇ ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਗਿਆ ਸੀ। ਸੁਖਵੀਰ ਸਿੰਘ ਡਾਲਾ ਜਿੱਥੇ ਪੰਚਾਇਤ ਸੈਕਟਰੀ ਦੀ ਸੇਵਾਵਾਂ ਨਿਭਾਅ ਰਹੇ ਹਨ ਉਥੇ ਪਰਿਵਾਰਕ ਮੈਂਬਰ ਆੜ੍ਹਤ ਦਾ ਕੰਮ ਵੀ ਕਰ ਰਹੇ ਹਨ। ਸੁਖਬੀਰ ਸਿੰਘ ਡਾਲਾ ਦੇ ਦੱਸਣ ਮੁਤਾਬਕ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ ਤੇ ਉਸ ਵਕਤ 15 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਦੀ ਸੂਰਤ 'ਚ ਅਪ੍ਰੈਲ ਮਹੀਨੇ ਤੋਂ ਲਗਾਤਾਰ ਅਣਪਛਾਤੇ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਅੱਜ ਮੇਰੇ ਘਰ ਦੇ ਬੂਹੇ ਅੱਗੇ ਆ ਕੇ ਚਾਰ ਤੋਂ ਪੰਜ ਫਾਇਰਿੰਗ ਕੀਤੇ ਜੋ ਉਸ ਦੀ ਰਿਹਾਇਸ਼ ਦੀਆਂ ਵੱਖ-ਵੱਖ ਥਾਵਾਂ ਉਤੇ ਲੱਗੇ। ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ ਤੇ ਡੀਐੱਸਪੀ ਮਨਜੀਤ ਸਿੰਘ ਢੇਸੀ ਉਤੇ ਆਸ ਤੇ ਵਿਸ਼ਵਾਸ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ। ਦੱਸ ਦੇਈਏ ਕਿ ਇਕ ਮਹੀਨਾ ਪਹਿਲਾਂ ਪੰਚਾਇਤ ਸਕੱਤਰ ਤੋਂ ਪੰਦਰਾਂ ਲੱਖ ਰੁਪਏ ਦੀ ਫਿਰੌਤੀ ਮੰਗਣ ਉਤੇ ਫਿਰੌਤੀ ਨਾ ਦਿੱਤੇ ਜਾਣ ਤੋਂ ਬਾਅਦ ਧਮਕੀ ਨੂੰ ਲੈ ਕੇ ਥਾਣਾ ਮਹਿਣਾ ਵਿਖੇ ਸੁਖਵੀਰ ਸਿੰਘ ਪੰਚਾਇਤ ਸਕੱਤਰ ਡਾਲਾ ਦੇ ਬਿਆਨਾਂ ਦੇ ਆਧਾਰ ਉਤੇ 30 ਮਈ ਨੂੰ ਵੱਖ-ਵੱਖ ਦੋ ਗਰੁੱਪਾਂ ਦੇ ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ : ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਨੇ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਖ਼ੁਦ ਨੂੰ ਮਾਰੀ ਗੋਲ਼ੀ