ਬਿਨਾਂ ਸੋਚੇ-ਸਮਝੇ ਸੁਰੱਖਿਆ ਲਈ ਵਾਪਸ, ਇਕ ਮਾਂ ਨੇ ਪੁੱਤ ਗੁਆਇਆ : ਹਰਸਿਮਰਤ ਕੌਰ ਬਾਦਲ
ਅੰਮ੍ਰਿਤਸਰ : ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨੇ ਸਰਬੱਤ ਦੇ ਭਲ਼ੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਗਾਇਕ ਮੂਸੇਵਾਲਾ ਦੀ ਮੌਤ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵਾਪਰੀ ਘਟਨਾ ਬੇਹੱਦ ਦੁੱਖਦਾਈ ਹੈ। ਇਕ ਮਾਂ ਨੇ ਜਵਾਨ ਪੁੱਤ ਗਵਾਇਆ ਹੈ। ਮੂਸੇਵਾਲਾ ਨੇ ਆਪਣੀ ਗਾਇਕੀ ਜ਼ਰੀਏ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਰੁਸ਼ਨਾਇਆ ਹੈ। ਦੁਨੀਆ ਭਰ ਵਿੱਚ ਮੂਸੇਵਾਲਾ ਦੇ ਕਰੋੜਾਂ ਫੈਨ ਹਨ। ਫੋਕੀ ਸ਼ੋਹਰਤ ਲਈ ਬਿਨਾਂ ਕਿਸੇ ਸਮੀਖਿਆ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਰੱਖਿਆ ਵਾਪਸ ਲੈ ਲਈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ਼ ਸ਼ਾਬਾਸ਼ੀ ਲੈਣ ਲਈ ਸੁਰੱਖਿਆ ਘਟਾਉਣ ਸਬੰਧੀ ਖ਼ਬਰ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰਕੇ ਅਨੇਕਾਂ ਜਾਨਾਂ ਨੂੰ ਖਤਰੇ ਵਿੱਚ ਪਾਇਆ ਗਿਆ ਹੈ। ਇਕ ਪਾਸੇ ਸਿੰਘ ਸਾਹਿਬਾਨ ਦੀ ਸੁਰੱਖਿਆ ਘਟਾਈ ਜਾਂਦੀ ਹੈ ਜਦਕਿ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ 80 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਪੰਜਾਬ ਵਿੱਚ ਕਾਨੂੰਨੀ ਵਿਵਸਥਾ ਬੁਰੀ ਤਰ੍ਹਾਂ ਗੜਬੜਾ ਗਈ ਹੈ। ਸੁਰੱਖਿਆ ਏਜੰਸੀਆਂ ਵੀ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਫੋਕੀ ਸ਼ੋਹਰਤ ਛੱਡ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ। ਅਨੇਕਾਂ ਮਾਵਾਂ ਦੇ ਪੁੱਤ ਨਸ਼ਿਆਂ ਨਾਲ ਮਰ ਰਹੇ ਹਨ। 10 ਦਿਨ ਵਿੱਚ ਨਸ਼ਾ ਖਤਮ ਕਰਨ ਦੇ ਝੂਠੇ ਸਾਬਤ ਹੋਏ ਹਨ। 100 ਦਿਨ ਵਿੱਚ ਨਸ਼ਿਆਂ ਦੀ ਵਿਕਰੀ ਵਿਚ ਵੱਡਾ ਪੱਧਰ ਉਤੇ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕੇ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬੀ ਗਾਇਕ ਤੇ ਸਿਆਸਤਦਾਨ ਦਾ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਸੁਰੱਖਿਆ ਵਾਪਸ ਲਈ ਗਈ ਸੀ। ਇਸ ਨਾਲ ਆਮ ਆਦਮੀ ਪਾਰਟੀ ਦੀ ਚਹੁੰ ਪਾਸਿਓਂ ਨਿਖੇਧੀ ਹੋ ਰਹੀ ਹੈ ਤੇ ਪੰਜਾਬ ਦੀ ਕਾਨੂੰਨੀ ਵਿਵਸਥਾ ਉਤੇ ਚਿੰਤਾ ਜ਼ਾਹਿਰ ਹੋ ਰਹੀ ਹੈ। ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਹਰ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ, 1 ਜੂਨ ਤੋਂ ਲਾਗੂ ਹੋਵੇਗੀ ਪ੍ਰਕਿਰਿਆ