ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀ ਅਚਨਚੇਤ ਚੈਕਿੰਗ ਦੌਰਾਨ ਅਧਿਕਾਰੀ ਗਾਇਬ, ਨੋਟਿਸ ਜਾਰੀ
ਅੰਮ੍ਰਿਤਸਰ: ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨਿਗਮ ਦਫ਼ਤਰ ਵੱਲੋਂ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਚਾਰ ਵਿਭਾਗਾਂ ਦਾ ਦੌਰਾ ਕੀਤਾ ਜਿੱਥੋਂ ਅਧਿਕਾਰੀ ਗਾਇਬ ਸਨ। ਦਰਅਸਲ ਮੰਗਲਵਾਰ ਸਵੇਰੇ ਜਦੋਂ ਉਹ ਨਗਰ ਨਿਗਮ ਪਹੁੰਚੇ ਤਾਂ ਉਥੇ ਗੇਟ 'ਤੇ ਸੁਰੱਖਿਆ ਗਾਰਡ ਦਿਖਾਈ ਨਹੀਂ ਦਿੱਤੇ। ਇੰਨਾ ਹੀ ਨਹੀਂ ਜਦੋਂ ਉਹ ਅੰਦਰ ਪਹੁੰਚੇ ਤਾਂ ਰਿਸੈਪਸ਼ਨ 'ਤੇ ਵੀ ਕਰਮਚਾਰੀ ਗਾਇਬ ਸਨ। ਹਰਦੀਪ ਸਿੰਘ ਵੱਲੋਂ ਸਵੇਰੇ 9.10 ਵਜੇ ਪਹਿਲਾਂ ਐਮ.ਟੀ.ਪੀ ਵਿਭਾਗ ਦੀ ਜਾਂਚ ਕੀਤੀ। ਜਿੱਥੇ ਐਮਟੀਪੀ ਮੇਹਰਬਾਨ ਸਿੰਘ, ਏਟੀਪੀ ਵਾਰਿਸ ਰਾਜ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ, ਸਰਵੇਅਰ ਅਸ਼ੀਸ਼ ਸਹੋਤਾ, ਹਰਦੀਪ ਸਿੰਘ ਗੈਰ ਹਾਜ਼ਰ ਪਾਏ ਗਏ। ਇਸ ਦੌਰਾਨ ਜਨਮ ਅਤੇ ਮੌਤ ਸਰਟੀਫਿਕੇਟ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਸ਼ਾਲ ਵਧਾਵਨ, ਡੀਸੀਐਫਏ ਵਿਭਾਗ ਤੋਂ ਵਿਸ਼ਾਲ ਕਲਰਕ, ਸੰਜੀਵ ਜੋਸ਼ੀ ਕਲਰਕ, ਪਰਜੋਤ ਕਲਰਕ, ਹਰਪ੍ਰੀਤ ਕਲਰਕ, ਆਸਥਾ ਕਲਰਕ ਅਤੇ ਨਗਰ ਨਿਗਮ ਪੁਲਿਸ ਵਿੰਗ ਦੇ ਬਲਜੀਤ ਸਿੰਘ ਮਨਜੀਤ ਸਿੰਘ ਆਪਣੀਆਂ ਸੀਟਾਂ ਤੋਂ ਗਾਇਬ ਪਾਏ ਗਏ। ਇਹ ਵੀ ਪੜ੍ਹੋ: ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਟੀਮ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੱਕ ਆਪੋ-ਆਪਣੇ ਦਫ਼ਤਰਾਂ ਵਿੱਚ ਪਹੁੰਚ ਜਾਣ ਚਾਹੀਦਾ ਸੀ। ਅੱਜ ਜਦੋਂ ਸਵੇਰੇ 9 ਵਜੇ ਦਫ਼ਤਰ ਵਿੱਚ ਅਧਿਕਾਰਤ ਤੌਰ ’ਤੇ ਦਾਖ਼ਲ ਹੋਏ ਤਾਂ ਸੁਰੱਖਿਆ ਗਾਰਡ ਤੇ ਰਿਸੈਪਸ਼ਨ ਉੱਤੇ ਕੋਈ ਵੀ ਕਰਮਚਾਰੀ ਡਿਉਟੀ 'ਤੇ ਤਾਇਨਾਤ ਨਹੀਂ ਸੀ ਜਿਸ ਕਾਰਨ ਸਿਰਫ਼ 4 ਵਿਭਾਗਾਂ ਦੀ ਹੀ ਜਾਂਚ ਕੀਤੀ ਗਈ ਹੈ। ਗਾਇਬ ਪਾਏ ਗਏ ਸਾਰੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਭਵਿੱਖ ਵਿੱਚ ਵੀ ਅਜਿਹੇ ਅਚਨਚੇਤ ਚੈਕਿੰਗ ਕਰਦੇ ਰਹਿਣਗੇ। (ਮਨਿੰਦਰ ਮੋਂਗਾ ਦੀ ਰਿਪੋਰਟ) -PTC News