ਲਗਾਤਾਰ ਚੌਥੇ ਦਿਨ ਹਾਈ ਵੋਲਟੇਜ ਟਾਵਰਾਂ 'ਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨ, ਮੀਂਹ ਕਾਰਨ ਖ਼ਤਰਾ ਹੋਰ ਵਧਿਆ
ਪਟਿਆਲਾ (ਸਮਾਣਾ), 23 ਸਤੰਬਰ: ਬਰਸਾਤ ਦੇ ਬਾਵਜੂਦ ਬੇਰੁਜ਼ਗਾਰ ਏਪ੍ਰੈਂਟਿਸਸ਼ਿਪ ਲਾਈਨਮੈਨ ਹਾਈ ਵੋਲਟੇਜ ਟਾਵਰਾਂ 'ਤੇ ਚੌਥੇ ਦਿਨ ਵੀ ਕਾਇਮ ਬੈਠੇ ਹੋਏ ਹਨ। ਮੀਂਹ ਕਾਰਨ ਪ੍ਰਦਰਸ਼ਨ ਕਰ ਰਕੇ ਇਨ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਦੀ ਜਾਨ ਨੂੰ ਖ਼ਤਰਾ ਹੋਰ ਵੱਧ ਚੁੱਕਿਆ ਪਰ ਅੱਜੇ ਤੱਕ ਸਰਕਾਰ ਨੇ ਇਨ੍ਹਾਂ ਦੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ ਹੈ। ਪ੍ਰਦਰਸ਼ਨਕਾਰੀ ਬੇਰੁਜ਼ਗਾਰ ਲਾਈਨਮੈਨ ਪਹਿਲਾਂ ਹੀ ਧਮਕੀ ਦੇ ਚੁੱਕੇ ਨੇ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਖ਼ੁਦ ਨੂੰ ਕਰੰਟ ਲਗਾ ਕੇ ਖ਼ੁਦਕੁਸ਼ੀ ਕਰ ਲੈਣਗੇ। ਸਮਾਣਾ ਹਲਕਾ ਦੇ ਭੇਡਪੁਰਾ ਪਿੰਡ ਵਿੱਚ ਬੇਰੁਜ਼ਗਾਰ ਲਾਈਨਮੈਨਾਂ ਨੂੰ ਟਾਵਰ 'ਤੇ ਚੜ੍ਹੇ ਅੱਜ ਚੌਥਾ ਦਿਨ ਹੋਗਿਆ। ਯੂਨੀਅਨ ਦੇ ਆਗੂ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਚੁਣੀ ਹੈ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦੇ ਰਹੇ। ਸਿੰਘ ਦਾ ਕਹਿਣਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ 2 ਹਜ਼ਾਰ ਪੋਸਟਾਂ ਅਸਿਸਟੈਂਟ ਲਾਈਨਮੈਨ ਦੀ ਭਰਤੀ ਲਈ ਕੱਢੀਆਂ ਗਈਆਂ ਹਨ ਜਿਨ੍ਹਾਂ ਲਈ ਪੇਪਰ ਦਿੱਤਾ ਜਾਣਾ ਹੈ। ਇਨ੍ਹਾਂ ਅਪ੍ਰੈਂਟਿਸ ਬੇਰੁਜ਼ਗਾਰ ਲਾਈਨਮੈਨਾਂ ਦੀ ਮੰਗ ਹੈ ਕਿ ਉਨ੍ਹਾਂ ਨੇ ਅਪ੍ਰੈਂਟਿਸਸ਼ਿਪ ਕੀਤੀ ਹੋਈ ਹੈ ਅਤੇ ਉਨ੍ਹਾਂ ਨੂੰ ਪੇਪਰ ਦੇਣ ਤੋਂ ਛੋਟ ਦਿੱਤੀ ਜਾਵੇ। ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਦੇ ਸਾਹਮਣੇ ਧਰਨਾ ਲਾਈ ਬੈਠੇ ਇਹ ਬੇਰੁਜ਼ਗਾਰ ਪੇਪਰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਿਛਲੇ 56 ਦਿਨਾਂ ਤੋਂ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਕੋਈ ਵੀ ਸੁਣਵਾਈ ਨਾ ਹੋਣ ਦੇ ਚੱਲਦਿਆਂ 20 ਸਤੰਬਰ ਦੀ ਤੜਕਸਾਰ ਬੇਰੁਜ਼ਗਾਰ ਲਾਈਨਮੈਨ ਪਟਿਆਲਾ ਸੰਗਰੂਰ ਰੋਡ ਸਥਿਤ ਹਾਈ ਵੋਲਟੇਜ ਟਾਵਰ 'ਤੇ ਚੜ੍ਹ ਗਏ ਸਨ। ਯੂਨੀਅਨ ਅਨੁਸਾਰ ਉਹ ਪਾਵਰਕਾਮ ਦੀਆਂ ਹਰੇਕ ਸ਼ਰਤਾਂ ਪੂਰੀਆਂ ਕਰਦੇ ਆਏ ਹਨ ਤੇ ਮਈ ਮਹੀਨੇ ਦੇ ਵਿੱਚ ਉਨ੍ਹਾਂ ਦੀ ਅਪ੍ਰੈਂਟਿਸ ਵੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਅੱਜ ਤੋਂ ਪਹਿਲਾਂ ਪਾਵਰਕਾਮ ਵੱਲੋਂ ਜਿਨ੍ਹਾਂ ਵੀ ਲਾਈਨਮੈਨਾਂ ਦੀ ਭਰਤੀ ਕੀਤੀ ਗਈ ਹੈ ਉਨ੍ਹਾਂ ਦੀ ਕੋਈ ਭਰਤੀ ਪ੍ਰੀਖਿਆ ਨਹੀਂ ਹੋਈ ਜਦ ਕਿ ਹੁਣ ਉਨ੍ਹਾਂ ਦੀ ਭਰਤੀ ਲਈ ਪ੍ਰੀਖਿਆ ਰੱਖ ਦਿੱਤੀ ਗਈ ਹੈ, ਜੋ ਕਿ ਬੇਰੁਜ਼ਗਾਰ ਲਾਈਨਮੈਨਾਂ ਨਾਲ ਸਰਾਸਰ ਧੱਕਾ ਹੈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਟਿਊਬਵੈੱਲਾਂ ‘ਤੇ ਲੋਡ ਵਧਾਉਣ ਲਈ ਵੀ.ਡੀ.ਐਸ. ਦੀ ਸਮਾਂ ਸੀਮਾ ਵਧਾਈ ਉਨ੍ਹਾਂ ਦੱਸਿਆ ਕਿ ਆਪਣੀ ਭਰਤੀ ਦੀ ਮੰਗ ਲਈ ਉਨ੍ਹਾਂ ਟੈਂਕੀ 'ਤੇ ਚੜ੍ਹ ਕੇ ਵੀ ਪ੍ਰਦਰਸ਼ਨ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਮੁੱਕਰਨ ਮਗਰੋਂ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਾਵਰਕਾਮ ਦੇ ਦਫ਼ਤਰ ਅੰਦਰ ਵੜ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਉਨ੍ਹਾਂ 'ਤੇ ਲਾਠੀ ਚਾਰਜ ਵੀ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਧਰਨੇ ਵਾਲਾ ਟੈਂਟ ਵੀ ਪਾੜ ਦਿੱਤਾ ਗਿਆ ਸੀ। - ਰਿਪੋਰਟਰ ਗਗਨਦੀਪ ਅਹੂਜਾ ਦੇ ਸਹਿਯੋਗ ਨਾਲ -PTC News