ਮਹਿਲਾ ਸਰਪੰਚ ਦੀ ਅਗਵਾਈ 'ਚ ਨਸ਼ਾ ਵੇਚਣ ਵਾਲੇ ਪਰਿਵਾਰਾਂ ਨੂੰ ਪਿੰਡ ਦਾ ਆਖ਼ਰੀ ਅਲਟੀਮੇਟਮ 'ਜਾਨਾਂ ਨਾਲ ਖੇਡਣਾ ਬੰਦ ਕਰੋ ਜਾਂ ਪਿੰਡ ਛੱਡੋ'
ਲੁਧਿਆਣਾ, 20 ਜੁਲਾਈ: ਅੱਜ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪਿੰਡ ਮੰਡਿਆਣੀ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵੱਲੋਂ ਨਸ਼ਾ ਤਸਕਰਾਂ ਦੇ ਕੁਝ ਪਰਿਵਾਰਾਂ ਵਿਰੁੱਧ ਦਲੇਰੀ ਭਰੀ ਕਾਰਵਾਈ ਕੀਤੀ ਗਈ ਹੈ। ਜਿਸਤੋਂ ਬਾਅਦ ਮੰਡਿਆਣੀ ਪਿੰਡ ਦੇ ਵਸਨੀਕਾਂ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪਰਿਵਾਰਾਂ ਨੂੰ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਜਾਂ ਤਾਂ ਸਾਡੇ ਨੌਜਵਾਨਾਂ ਦੀਆਂ ਜਾਨਾਂ ਨਾਲ ਖੇਡਣਾ ਬੰਦ ਕਰੋ ਜਾਂ ਪਿੰਡ ਛੱਡੋ। ਹਾਸਿਲ ਜਾਣਕਾਰੀ ਮੁਤਾਬਕ ਇਨ੍ਹਾਂ ਪਰਿਵਾਰਾਂ 'ਤੇ ਦਹਾਕੇ ਤੋਂ ਵੱਧ ਸਮੇਂ ਤੋਂ ਨਸ਼ਾ ਵੇਚਣ ਦਾ ਸ਼ੱਕ ਹੈ। ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਵੱਲੋਂ ਪਿੰਡ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਕਾਰਕੁਨਾਂ ਵੱਲੋਂ ਜਥੇਬੰਦੀ ਬਣਾ ਕੇ ‘ਕਮਿਊਨਿਟੀ’ ਤਲਾਸ਼ੀ ਦੌਰਾਨ ਕੁਝ ਪਰਿਵਾਰਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਤਿਆਰ ਕਰਨ ਲਈ ਵਰਤੇ ਜਾਂਦੇ ਸਾਮਾਨ ਨੂੰ ਕਾਬੂ ਕੀਤਾ ਹੈ। ਇਸਦੇ ਨਾਲ ਉਨ੍ਹਾਂ ਕੋਲੋਂ ਲੱਖਾਂ ਦੀ ਨਕਦੀ ਵੀ ਬਰਾਮਦ ਕੀਤੀ ਗਈ। ਦੱਸ ਦੇਈਏ ਕਿ ਇਹ ਕਾਰਵਾਈ ਪਿੰਡ ਪੱਧਰ 'ਤੇ ਉਸ ਵੇਲੇ ਕੀਤੀ ਗਈ ਹੈ ਜਦੋਂ ਪੁਲਿਸ ਦੀ ਅਣਗਹਿਲੀ ਨੂੰ ਲੈ ਕੇ ਪਿੰਡ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਇਸ ਕਮਿਊਨਿਟੀ ਤਲਾਸ਼ੀ ਦੌਰਾਨ ਬਰਾਮਦਗੀ ਨੂੰ ਦਰਸਾਉਂਦੀ ਇੱਕ ਵੀਡੀਓ ਵਾਇਰਲ ਹੋ ਗਈ ਅਤੇ ਲੋਕਾਂ ਅਤੇ ਪੁਲਿਸ ਦਾ ਧਿਆਨ ਇਸ ਵੱਲ ਖਿੱਚਿਆ ਗਿਆ। ਜਿਸਤੋਂ ਬਾਅਦ ਪੁਲਿਸ ਵੀ ਪੱਬਾਂ ਪਾਰ ਹੋ ਗਈ ਅਤੇ ਮੀਡੀਆ ਨਾਲ ਰਾਬਤਾ ਕਾਯਮ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀਪੀ ਐੱਸਪੀਐੱਸ ਪਰਮਾਰ ਨੇ ਘਟਨਾ ਸੱਥਲ 'ਤੇ ਪਹੁੰਚ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਅੱਜ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਸ਼ਲਾਘਾਯੋਗ ਕਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਐੱਸਐੱਸਪੀ ਦੇ ਹੁਕਮਾਂ 'ਤੇ ਰੇਡ ਕਰਕੇ ਪਿੰਡ 'ਚ 110 ਅਧੀਨ ਕਾਰਵਾਈ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ 128 ਨੋ. ਅਧੀਨ ਐਫਆਈਆਰ ਵੀ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੀ ਸਰਪੰਚ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਸਾਰੀ ਗੱਲ ਲਿਆਈ ਸੀ ਕਿ ਪਿੰਡ ਦੇ 2-3 ਪਰਿਵਾਰ ਨਸ਼ਾ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਘਰਾਂ ਤੋਂ ਬਰਾਮਦਗੀ ਤਾਂ ਨਹੀਂ ਹੋਈ ਹੈ ਪਰ ਉਨ੍ਹਾਂ ਕਿਹਾ ਕਿ ਜੇਕਰ ਲੋਕ ਅਤੇ ਪੁਲਿਸ ਇੰਝ ਮਿਲ ਕੇ ਕੰਮ ਕਰਦੇ ਰਹਿਣ ਤਾਂ ਨਸ਼ਾਂ ਤਸਕਰਾਂ 'ਤੇ ਛੇਤੀ ਨੱਥ ਪਾਈ ਜਾ ਸਕਦੀ ਹੈ। -PTC News