Russia Ukraine War: ਯੂਕਰੇਨ 'ਚ ਰੂਸ ਨੇ ਉਡਾਈ ਗੈਸ ਪਾਈਪਲਾਈਨ, ਚਾਰ ਪਾਸੇ ਫੈਲੀ ਜ਼ਹਿਰੀਲੀ ਹਵਾ
ਨਵੀਂ ਦਿੱਲੀ: ਅੱਜ 27 ਫਰਵਰੀ, 2022 ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਚੌਥਾ ਦਿਨ ਹੈ। ਯੂਕਰੇਨ ਦੀ ਰਾਜਧਾਨੀ 'ਚ ਦੋਹਾਂ ਦੇਸ਼ਾਂ ਵਿਚਾਲੇ ਸੰਘਰਸ਼ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਜਿੱਥੇ ਰੂਸ ਹਮਲਾਵਰ ਨਜ਼ਰ ਆ ਰਿਹਾ ਹੈ ਅਤੇ ਯੂਕਰੇਨ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਸਾਹਾਂ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਐਤਵਾਰ ਸਵੇਰੇ ਰੂਸੀ ਸੈਨਿਕਾਂ ਨੇ ਯੂਕਰੇਨ 'ਤੇ ਵੱਡਾ ਹਮਲਾ ਕੀਤਾ।
ਰਿਪੋਰਟ ਮੁਤਾਬਕ ਰੂਸੀ ਫੌਜ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ 'ਚ ਗੈਸ ਪਾਈਪਲਾਈਨ ਨੂੰ ਧਮਾਕੇ ਨਾਲ ਉਡਾ ਦਿੱਤਾ। ਇਸ ਧਮਾਕੇ ਤੋਂ ਬਾਅਦ ਚਾਰੇ ਪਾਸੇ ਧੂੰਆਂ ਫੈਲ ਗਿਆ। ਜਿਸ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਅਜਿਹੇ 'ਚ ਇੱਥੋਂ ਦੇ ਲੋਕਾਂ ਨੂੰ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕਣ ਅਤੇ ਘਰ ਦੀਆਂ ਖਿੜਕੀਆਂ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: UP Election 2022 Live Updates: ਪੰਜਵੇਂ ਪੜਾਅ ਲਈ ਵੋਟਿੰਗ ਸ਼ੁਰੂ, ਕਈ ਥਾਵਾਂ 'ਤੇ ਈਵੀਐਮ ਫੇਲ੍ਹ ਹੋਣ ਕਾਰਨ ਵੋਟਿੰਗ ਪ੍ਰਭਾਵਿਤ
ਯੂਕਰੇਨ ਵਿੱਚ ਰੂਸ ਦੇ ਲਗਾਤਾਰ ਹਮਲਿਆਂ ਤੋਂ ਬਾਅਦ ਵੀ ਯੂਕਰੇਨ ਅਡੋਲ ਖੜ੍ਹਾ ਹੈ। ਕਈ ਥਾਵਾਂ 'ਤੇ ਹਾਲਾਤ ਵਿਗੜਨ ਦੇ ਬਾਵਜੂਦ ਨਾਗਰਿਕਾਂ ਨੇ ਆਪਣੇ ਦੇਸ਼ ਨੂੰ ਬਚਾਉਣ ਲਈ ਹਥਿਆਰ ਚੁੱਕੇ ਹਨ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਕੀਵ ਫਿਲਹਾਲ ਯੂਕਰੇਨ ਦੇ ਕੰਟਰੋਲ ਵਿੱਚ ਹੈ।
ਇਸ ਦੌਰਾਨ ਹੁਣ ਦੁਨੀਆ ਦੇ ਕਈ ਦੇਸ਼ ਯੂਕਰੇਨ ਦੀ ਮਦਦ ਲਈ ਅੱਗੇ ਆਏ ਹਨ। ਅਮਰੀਕਾ, ਬਰਤਾਨੀਆ ਸਮੇਤ 28 ਦੇਸ਼ ਯੂਕਰੇਨ ਨੂੰ ਅਤਿ-ਆਧੁਨਿਕ ਹਥਿਆਰ ਭੇਜਣ ਲਈ ਰਾਜ਼ੀ ਹੋ ਗਏ ਹਨ। ਹੁਣ ਤੱਕ ਕਈ ਦੇਸ਼ਾਂ ਨੇ ਯੂਕਰੇਨ ਨੂੰ ਵਿੱਤੀ ਸਹਾਇਤਾ ਅਤੇ ਹਥਿਆਰ ਭੇਜੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਨੇ ਮੈਡੀਕਲ ਸਪਲਾਈ ਅਤੇ ਹੋਰ ਫੌਜੀ ਵਸੀਲੇ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਹੈ।
-PTC News