Ukraine Russia War: ਯੂਕਰੇਨ ਦੇ ਸੁਮੀ 'ਚ ਰੂਸੀ ਬੰਬ ਧਮਾਕੇ 'ਚ 2 ਬੱਚਿਆਂ ਸਮੇਤ 18 ਲੋਕਾਂ ਦੀ ਮੌਤ
Ukraine Russia War: ਯੂਕਰੇਨ ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਰੂਸ ਤੇ ਯੂਕਰੇਨ ਦੀ ਜੰਗ ਨੂੰ 13 ਵਾਂ ਦਿਨ ਹੈ। ਕਿਹਾ ਜਾ ਰਿਹਾ ਹੈ ਕਿ ਯੂਕਰੇਨ ਦੇ ਸੁਮੀ ਸ਼ਹਿਰ 'ਤੇ ਰੂਸੀ ਹਮਲੇ 'ਚ ਘੱਟੋ-ਘੱਟ 18 ਲੋਕ ਮਾਰੇ ਗਏ ਸਨ। ਇਹ ਜਾਣਕਾਰੀ ਇਕ ਨਿਊਜ਼ ਏਜੰਸੀ ਵੱਲੋਂ ਸਾਂਝੀ ਕੀਤੀ ਗਈ ਹੈ। ਮਰਨ ਵਾਲਿਆਂ 'ਚ 2 ਬੱਚੇ ਵੀ ਸ਼ਾਮਲ ਹਨ। ਇਹ ਰੂਸੀ ਹਮਲਾ ਕੀਵ ਤੋਂ 350 ਕਿਲੋਮੀਟਰ ਦੂਰ ਸਥਿਤ ਸੁਮੀ ਸ਼ਹਿਰ ਵਿੱਚ ਹੋਇਆ। ਇਸ ਤੋਂ ਪਹਿਲਾਂ ਓਖਤਿਰਕਾ 'ਚ ਸਕੂਲ 'ਤੇ ਬੰਬ ਸੁੱਟੇ ਜਾਣ ਕਾਰਨ 7 ਸਾਲਾ ਯੂਕਰੇਨੀ ਬੱਚੀ ਦੀ ਮੌਤ ਹੋ ਗਈ ਸੀ। ਬੱਚੀ ਦੇ ਦਾਦਾ ਜੀ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ ਕਿ ਉਹ ਇਸ ਗੱਲੋਂ ਡੂੰਘੀ ਚਿੰਤਾ ਵਿੱਚ ਹੈ ਕਿ ਰੂਸ ਅਤੇ ਯੂਕਰੇਨ ਦੋਵਾਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪੂਰਬੀ ਯੂਕਰੇਨ ਦੇ ਸ਼ਹਿਰ ਸੁਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਇੱਕ ਸੁਰੱਖਿਅਤ ਗਲਿਆਰਾ ਨਹੀਂ ਬਣਾਇਆ ਗਿਆ ਹੈ। ਇਹ ਵੀ ਪੜ੍ਹੋ: 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀ ਦੋਵਾਂ ਦੇਸ਼ਾਂ ਵਿਚਾਲੇ 24 ਫਰਵਰੀ ਤੋਂ ਜੰਗ ਜਾਰੀ ਹੈ। ਯੁੱਧ ਦੀ ਸ਼ੁਰੂਆਤ ਰੂਸ ਦੇ ਯੂਕਰੇਨ 'ਤੇ ਹਮਲੇ ਨਾਲ ਹੋਈ ਸੀ। ਰੂਸ ਅਤੇ ਯੂਕਰੇਨ ਵਿਚਾਲੇ ਹੁਣ ਤੱਕ ਤਿੰਨ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਤਿੰਨੋਂ ਗੱਲਬਾਤ ਵਿਅਰਥ ਸੀ। ਤੀਜੇ ਦੌਰ ਦੀ ਗੱਲਬਾਤ ਸੋਮਵਾਰ ਨੂੰ ਹੋਈ। ਇਸ ਤੋਂ ਪਹਿਲਾਂ ਯੂਕਰੇਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਖਾਰਕਿਵ ਵਿੱਚ ਰੂਸ ਦੇ ਮੇਜਰ ਜਨਰਲ ਵਿਤਾਲੀ ਗੇਰਾਸਿਮੋਵ ਨੂੰ ਮਾਰ ਦਿੱਤਾ ਸੀ। ਦੱਸ ਦੇਈਏ ਕਿ ਮੇਜਰ ਜਨਰਲ ਵਿਟਾਲੀ ਗੇਰਾਸਿਮੋਵ ਨੇ 2014 ਵਿੱਚ ਕ੍ਰੀਮੀਆ ਉੱਤੇ ਰੂਸ ਦੇ ਕਬਜ਼ੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸਨੂੰ ਕ੍ਰੀਮੀਆ ਦੇ ਕਬਜ਼ੇ ਲਈ ਇੱਕ ਮੈਡਲ ਵੀ ਦਿੱਤਾ ਗਿਆ ਸੀ। ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਉਹ ਸੀਰੀਆ ਅਤੇ ਚੇਚਨੀਆ ਵਿੱਚ ਰੂਸੀ ਫੌਜਾਂ ਦੇ ਨਾਲ ਲੜਿਆ ਸੀ। ਦੱਸਣਯੋਗ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਤੋਂ ਉੱਥੇ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ ਦੇ 136 ਵਿਦਿਆਰਥੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਨੇ ਦੱਸਿਆ ਹੈ ਕਿ ਸੋਮਵਾਰ ਸ਼ਾਮ ਤੱਕ ਸੂਬੇ ਦੇ 856 ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। -PTC News