ਸਰਹਿੰਦ ਭਾਖੜਾ ਨਹਿਰ 'ਚ ਗੱਡੀ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, 2 ਨੌਜਵਾਨਾਂ ਦੀ ਮੌਤ
ਫਤਿਹਗੜ੍ਹ ਸਾਹਿਬ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਸਰਹਿੰਦ ਭਾਖੜਾ ਨਹਿਰ ਪਿੰਡ ਖਾਲਸਪੁਰ ਨਹਿਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਟਾਟਾ 407 ਗੱਡੀ ਸਣੇ ਤਿੰਨ ਨੌਜਵਾਨ ਡਿੱਗਣ ਕਾਰਨ ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਗੋਤਾਖੋਰਾਂ ਵੱਲੋਂ ਇੱਕ ਦੀ ਭਾਲ ਅਜੇ ਵੀ ਜਾਰੀ ਹੈ ਤੇ ਦੋ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਵਲੋਂ ਸੂਚਨਾ ਦਿੱਤੀ ਕਿ ਖਾਲਸਪੁਰ ਨਹਿਰ ਦੇ ਵਿੱਚ ਇੱਕ ਗੱਡੀ ਡਿੱਗੀ ਪਈ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਗੌਤਾਖੋਰਾਂ ਨੂੰ ਬੁਲਾ ਕੇ ਗੱਡੀ ਨੂੰ ਕੱਢਵਾਇਆ ਗਿਆ, ਜਿਸ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ। ਦੱਸ ਦੇਈਏ ਕਿ ਵਿਅਕਤੀ ਦੀ ਪਹਿਚਾਨ ਮਨਪ੍ਰੀਤ ਵਾਸੀ ਪਿੰਡ ਖਾਲਸਪੁਰ ਤੇ ਮਨਦੀਪ ਸਿੰਘ ਭੁੱਲਰ ਵਾਸੀ ਬੱਸੀ ਪਠਾਣਾ ਵਜੋਂ ਹੋਈ, ਜਦੋਂ ਕਿ ਤੀਸਰਾ ਨੌਜਵਾਨ ਜੋ ਗੱਡੀ ਦਾ ਡਰਾਈਵਰ ਸੀ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਨਾਲ ਇਲਾਕੇ ਅੰਦਰ ਪੂਰੀ ਤਰ੍ਹਾਂ ਗਮਗੀਨ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਦੇ ਨਾਲ ਇਹ ਹਾਦਸਾ ਹੋਇਆ ਹੈ। ਦੱਸ ਦਈਏ ਕਿ ਇਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਜਿਸਦਾ ਕਿ ਅਜੇ ਮੰਗਣਾ ਹੋਇਆ ਸੀ, ਨੂੰ ਉਸਦੇ ਦੋਸਤ ਖਾਲਸਪੁਰ ਵਿਖੇ ਛੱਡਣ ਜਾ ਰਹੇ ਸਨ ਤੇ ਜਾਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਕਾਰਵਾਈ ਕਰਦਿਆਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। -PTC News