ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਤਿੰਨ ਮਾਮਲਿਆਂ ਵਿੱਚ ਦੋ ਤਸਕਰ ਕਾਬੂ
ਅੰਮ੍ਰਿਤਸਰ/ਚੰਡੀਗੜ੍ਹ, 16 ਅਗਸਤ: ਐਸਐਸਪੀ ਸਵੱਪਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨਾਂ ਤੋਂ ਚੱਲ ਰਹੇ ਇੱਕ ਓਪਰੇਸ਼ਨ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।
28 ਜੁਲਾਈ ਨੂੰ ਪਿੰਡ ਨੇਸ਼ਟਾ ਥਾਣਾ ਘਰਿੰਡਾ ਤੋਂ ਬਰਾਮਦ ਹੋਈ 5 ਕਿਲੋ ਹੈਰੋਇਨ ਅਤੇ 4 ਵਿਦੇਸ਼ੀ ਪਿਸਟਲ ਪਿੰਡ ਮੱਝ ਤੋਂ ਰਿਕਵਰ ਹੋਏ ਸਨ, ਜਿਸ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੁਖਦੇਵ ਸਿੰਘ ਅਤੇ ਜਸ਼ਨਦੀਪ ਸਿੰਘ ਵਾਸੀ ਸਰਾਏ ਅਮਾਨਤ ਖਾਨ ਅਤੇ ਕੁਲਵੰਤ ਅਤੇ ਕਰਨਦੀਪ ਵਾਸੀ ਘਰਿੰਡਾ ਪਾਸੋਂ 5 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ।
ਸੁਖਦੇਵ ਸਿੰਘ ਦਾ ਭਰਾ ਬਲਦੇਵ ਸਿੰਘ ਜੋ ਕਿ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹੈ ਅਤੇ ਉਸਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਪਹਿਲਾਂ ਹੀ ਮੁਕੱਦਮੇ ਦਰਜ ਹਨ। ਪੁਲਿਸ ਦੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੇਵ ਅਤੇ ਜਸ਼ਨਦੀਪ ਲਗਾਤਾਰ ਬਾਰਡਰ ਤੋਂ ਪਾਰ ਨਸ਼ਾ ਤਸਕਰਾਂ ਨਾਲ ਸੰਪਰਕ ਵਿੱਚ ਚੱਲੇ ਆ ਰਹੇ ਹਨ। ਇਸ ਸਮੇਂ ਵਿੱਚ ਉਹਨਾਂ ਵੱਲੋਂ ਜਿਹੜੀ ਵੀ ਨਸ਼ਾ ਤਸਕਰੀ ਕੀਤੀ ਗਈ ਹੈ, ਉਸਦੀ ਜਾਂਚ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਹਰਜੀਤ, ਕੁਲਵੰਤ ਅਤੇ ਕਰਨਦੀਪ ਉਪਰੋਕਤ ਨਸ਼ਾ ਤਸਕਰਾਂ ਲਈ ਨਸ਼ਾ ਸਪਲਾਈ ਦਾ ਕੰਮ ਕਰਦੇ ਸਨ ਅਤੇ ਇਸ ਕੰਮ ਲਈ ਉਹਨਾਂ ਨੂੰ ਪੈਸੇ ਮਿਲਦੇ ਸਨ। ਉਹ ਨਸ਼ੇ ਦੀ ਸਪਲਾਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਕਰਦੇ ਸਨ। ਐਸਐਸਪੀ ਵੱਲੋਂ ਕਿਹਾ ਗਿਆ ਕਿ ਇਹ ਵਿਅਕਤੀ ਵੱਖ-ਵੱਖ ਰਾਜਾਂ ਵਿੱਚ ਜਿਹਨਾਂ ਵਿਅਕਤੀਆਂ ਨਾਲ ਸੰਪਰਕ ਵਿੱਚ ਸਨ ਉਹਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਖਿਲਾਫ ਕਾਰਵਾਈ ਜਲਦ ਹੀ ਕੀਤੀ ਜਾਵੇਗੀ।
ਐਸਐਸਪੀ ਵੱਲੋਂ ਇਹ ਦੱਸਿਆ ਗਿਆ ਕਿ ਇਸ ਕੇਸ ਸਬੰਧੀ ਅਗਲੇਰੀ ਜਾਣਕਾਰੀ ਇਸ ਓਪਰੇਸ਼ਨ ਦੇ ਮੁਕੰਮਲ ਹੋਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਅਤੇ ਇਸ ਸਟੇਜ ਤੇ ਹੋਰ ਜਾਣਕਾਰੀ ਸਾਂਝੀ ਕਰਨੀ ਸੰਭਵ ਨਹੀਂ ਹੈ ਕਿਉਂਕਿ ਇਸ ਕੇਸ ਵਿੱਚ ਤਫਤੀਸ਼ ਜਾਰੀ ਹੈ। ਇਸਦੇ ਨਾਲ ਹੀ ਐਸਐਸਪੀ ਵੱਲੋਂ ਸਪੈਸ਼ਲ ਸੈਲ ਅਤੇ ਕ੍ਰਾਈਮ ਬ੍ਰਾਂਚ ਅੰਮ੍ਰਿਤਸਰ ਦਿਹਾਤੀ ਵੱਲੋਂ ਕੀਤੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਐਸਪੀ ਨੇ ਦੁਨੀਆ ਦੇ ਸਭ ਤੋਂ ਉੱਚੇ ਫ੍ਰੀ-ਸਟੈਂਡਿੰਗ ਪਹਾੜ 'ਤੇ ਲਹਿਰਾਇਆ ਤਿਰੰਗਾ
-PTC News