ਨਿਊਯਾਰਕ 'ਚ ਕਥਿਤ ਨਫ਼ਰਤੀ ਅਪਰਾਧ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ
ਨਿਊਯਾਰਕ : ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਉਤੇ ਹੋਏ ਨਫਰਤੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ। ਅਮਰੀਕਾ ਦੇ ਰਿਚਮੰਡ ਹਿਲਜ਼ ਇਲਾਕੇ 'ਚ ਕਥਿਤ ਨਫ਼ਰਤੀ ਅਪਰਾਧ ਦੀ ਘਟਨਾ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ ਕੀਤਾ ਗਿਆ। ਸੈਰ ਵਿਅਕਤੀਆਂ ਉਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਨਿਊਯਾਰਕ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਹਮਲੇ ਦੀ ਨਿੰਦਾ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਅਪਰਾਧ ਦੇ ਸਬੰਧ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਵੇਰੇ ਸੈਰ ਕਰਨ ਸਮੇਂ ਦੋ ਵਿਅਕਤੀਆਂ ਉਤੇ ਹਮਲਾ ਹੋਇਆ। ਇਹ ਕਥਿਤ ਤੌਰ 'ਤੇ ਉਸੇ ਥਾਂ 'ਤੇ ਹੋਇਆ ਸੀ ਜਿੱਥੇ 10 ਦਿਨ ਪਹਿਲਾਂ ਭਾਈਚਾਰੇ ਦੇ ਇੱਕ ਮੈਂਬਰ ਉਤੇ ਹਮਲਾ ਕੀਤਾ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦੋ ਸ਼ੱਕੀ ਵਿਅਕਤੀਆਂ ਨੇ ਸਿੱਖਾਂ ਨੂੰ ਖੰਭੇ ਨਾਲ ਮਾਰਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ "ਰਿਚਮੰਡ ਹਿੱਲ ਵਿੱਚ ਸਾਡੇ ਸਿੱਖ ਭਾਈਚਾਰੇ ਵਿਰੁੱਧ ਇੱਕ ਹੋਰ ਨਫ਼ਰਤ ਭਰਿਆ ਹਮਲਾ ਹੈ। ਜ਼ਿੰਮੇਵਾਰ ਦੋਵੇਂ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸੰਪਰਕ ਕਰੇ।" ਨਿਊਯਾਰਕ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਚਿੰਤਾਜਨਕ 200 ਫ਼ੀਸਦੀ ਵਾਧਾ ਹੋਇਆ ਹੈ। ਜੈਨੀਫਰ ਰਾਜਕੁਮਾਰ ਨਿਊਯਾਰਕ ਸਟੇਟ ਆਫਿਸ ਲਈ ਚੁਣੀ ਗਈ ਪਹਿਲੀ ਪੰਜਾਬੀ ਅਮਰੀਕਨ ਤੇ ਉਹ ਨਿਊਯਾਰਕ ਸਟੇਟ ਲਈ ਇਮੀਗ੍ਰੇਸ਼ਨ ਦੀ ਸਾਬਕਾ ਡਾਇਰੈਕਟਰ ਹੈ। ਦਿੱਲੀ ਸਥਿਤ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋ ਸਿੱਖ ਵਿਅਕਤੀਆਂ ਦੀ ਵੀਡੀਓ ਸਾਂਝੀ ਕਰਦਿਆਂ ਕਥਿਤ ਨਫ਼ਰਤੀ ਅਪਰਾਧ ਦੀ ਜਾਂਚ ਦੀ ਮੰਗ ਕੀਤੀ ਹੈ। ਟਵੀਟ ਵਿੱਚ ਲਿਖਿਆ ਕਿ ਰਿਚਮੰਡ ਹਿੱਲ ਦੇ ਉਸੇ ਸਥਾਨ 'ਤੇ 10 ਦਿਨਾਂ ਦੇ ਅੰਦਰ 2 ਸਿੱਖਾਂ 'ਤੇ ਦੂਜਾ ਹਮਲਾ ਹੈ। ਜ਼ਾਹਰ ਹੈ ਕਿ ਸਿੱਖਾਂ ਵਿਰੁੱਧ ਨਿਸ਼ਾਨਾ ਬਣਾ ਕੇ ਨਫ਼ਰਤੀ ਹਮਲੇ ਲਗਾਤਾਰ ਹੋ ਰਹੇ ਹਨ। ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਇਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਮੁਲਜ਼ਮਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਹ ਵੀ ਪੜ੍ਹੋ : ਪੀਐਮ ਮੋਦੀ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ