ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦੇ ਦੋ ਸ਼ੂਟਰ ਮੁਕਾਬਲੇ ਦੌਰਾਨ ਢੇਰ : ਪ੍ਰਮੋਦ ਬਾਨ
ਅੰਮ੍ਰਿਤਸਰ : ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਨੇ ਕਾਨਫਰੰਸ ਕਰ ਕੇ ਅੰਮ੍ਰਿਤਸਰ ਨੇੜਲੇ ਪਿੰਡ ਭਕਨਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਸਬੰਧੀ ਅਹਿਮ ਖ਼ੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਲਗਾਤਾਰ ਗੈਂਗਸਟਰਾਂ ਦਾ ਪਿੱਛਾ ਕਰ ਰਹੀਆਂ ਹਨ। ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂੰ ਵੀ ਇਸ ਮਾਮਲੇ ਵਿੱਚ ਲੋੜੀਂਦੇ ਸਨ। ਇਸ ਲਈ ਪੁਲਿਸ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਪੁਲਿਸ ਪਿੱਛਾ ਕਰਦੀ ਹੋਈ ਅੰਮ੍ਰਿਤਸਰ ਦੇ ਪਿੰਡ ਭਕਨਾ ਪੁੱਜ ਗਈ। ਦੋਵੇਂ ਮੁਲਜ਼ਮ ਗੱਡੀ ਵਿੱਚ ਸਵਾਰ ਹੋ ਕੇ ਇਥੇ ਪੁੱਜੇ ਸਨ। ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂੰ ਪੁਲਿਸ ਨੂੰ ਵੇਖ ਕੇ ਇਕ ਸੁੰਨਸਾਨ ਕੋਠੀ ਵਿੱਚ ਵੜ ਗਏ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰ ਲਈ ਕਿਹਾ ਪਰ ਸ਼ੂਟਰਾਂ ਵੱਲੋਂ ਪੁਲਿਸ ਉਤੇ ਉਲਟੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਲਗਭਗ ਸਾਢੇ ਚਾਰ ਘੰਟੇ ਮੁਕਾਬਲਾ ਚੱਲਿਆ। ਇਸ ਮੁਕਾਬਲੇ ਵਿੱਚ ਪੁਲਿਸ ਦੇ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਹ ਜ਼ੇਰੇ ਇਲਾਜ ਹਨ। ਇਸ ਮੁਕਾਬਲੇ ਦੌਰਾਨ ਇਕ ਮੀਡੀਆ ਕਰਮੀ ਵੀ ਜ਼ਖ਼ਮੀ ਹੋਇਆ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਪੂਰੇ ਸੰਜਮ ਤੋਂ ਕੰਮ ਲਿਆ ਤੇ ਗੈਂਗਸਟਰਾਂ ਨੂੰ ਕਈ ਵਾਰ ਆਤਮ-ਸਮਰਪਣ ਕਰ ਲਈ ਕਿਹਾ ਪਰ ਗੈਂਗਸਟਰਾਂ ਵੱਲੋਂ ਲਗਾਤਾਰ ਫਾਇਰਿੰਗ ਜਾਰੀ ਰਹੀ। ਮੁਕਾਬਲੇ ਦੌਰਾਨ ਗੈਂਗਸਟਰਾਂ ਨੇ ਵੱਡੀ ਮਾਤਰਾ 'ਚ ਅਸਲੇ ਦਾ ਇਸਤੇਮਾਲ ਕੀਤਾ। ਪੁਲਿਸ ਨੇ ਇਸ ਮੁਕਾਬਲੇ ਵਿੱਚ ਦੋਵੇਂ ਸ਼ੂਟਰਾਂ ਨੂੰ ਢੇਰ ਕਰ ਦਿੱਤਾ। ਸ਼ਾਮ ਲਗਭਗ 4.30 ਮੁਕਾਬਲੇ ਖ਼ਤਮ ਹੋ ਗਿਆ। ਏਜੀਟੀਐਫ ਮੁਖੀ ਨੇ ਦੱਸਿਆ ਕਿ ਏਕੇ-47, ਇਕ ਪਿਸਤੌਲ, ਇਕ ਬੈਗ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਲਾ ਮਡਿਊਲ ਦੇ ਦੋ ਸ਼ੂਟਰਾਂ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗੈਂਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਹ ਵੀ ਪੜ੍ਹੋ : ਅਨਿਲ ਵਿੱਜ ਨੇ ਐਨਕਾਊਂਟਰ ਨੂੰ ਲੈ ਕੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ