ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖਾਲਿਸਤਾਨੀ ਪੋਸਟਰ ਲਾਉਣ ਦੇ ਮਾਮਲੇ 'ਚ ਦੋ ਵਿਅਕਤੀ ਗ੍ਰਿਫਤਾਰ
ਪਟਿਆਲਾ, 19 ਜੁਲਾਈ: ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖਾਲਿਸਤਾਨੀ ਪੋਸਟਰ ਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਡਾਲਰ ਅਤੇ ਪ੍ਰੇਮ ਉਰਫ ਏਕਮ ਵਾਸੀ ਪਿੰਡ ਸਲੇਮਪੁਰਾ ਸੇਖਾਂ, ਸ਼ੰਭੂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਡਾਲਰ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਮੈਂਬਰਾਂ ਦੇ ਸੰਪਰਕ ਵਿਚ ਸੀ ਤੇ ਇਸ ਨੇ ਪ੍ਰੇਮ ਨੂੰ ਵੀ ਆਪਣੇ ਨਾਲ ਰਲਾ ਲਿਆ ਸੀ। ਇਨਾਂ ਦੋਵਾਂ ਨੇ ਹੋਰ ਥਾਂਈ ਵੀ ਖਾਲਿਸਤਾਨੀ ਪੋਸਟਰ ਲਗਾਉਣੇ ਸਨ। ਇਸ ਸਬੰਧੀ ਗੁਰਪਤਵੰਤ ਪਨੂੰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਸ ਵੱਲੋਂ ਕਾਲੀ ਮਾਤਾ ਦੇ ਮੰਦਰ ਵਿੱਚ ਖਾਲਿਸਤਾਨ ਪੱਖੀ ਝੰਡੇ ਲਗਾਉਣ ਦੀ ਗੱਲ ਕਹੀ ਗਈ ਸੀ। ਇਸ ਮਾਮਲੇ 'ਤੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਹਰਵਿੰਦਰ ਸਿੰਘ 2019 ਵਿਚ ਯਾਤਰੂ ਵੀਜ਼ਾ ਲੈ ਕੇ ਮਲੇਸ਼ੀਆ ਗਿਆ ਸੀ ਅਤੇ ਉਥੇ ਦੋ ਸਾਲ ਤੱਕ ਗੈਰ ਕਾਨੂੰਨੀ ਢੰਗ ਨਾਲ ਰਹਿੰਦਾ ਰਿਹਾ। ਇਸ ਦੌਰਾਨ ਉਹ ਸਿੱਖ ਫਾਰ ਜਸਟਿਸ ਦੇ ਸਰਗਰਮ ਮੈਂਬਰਾਂ ਦੇ ਸੰਪਰਕ ਵਿਚ ਆਇਆ। ਉਨ੍ਹਾਂ ਅੱਗੇ ਕਿਹਾ ਕਿ 2021 ਵਿਚ ਭਾਰਤ ਪਰਤ ਕੇ ਵੀ ਡਾਲਰ ਐਸਐਫਜੇ ਦੇ ਮੈਂਬਰਾਂ ਦੇ ਸੰਪਰਕ ਵਿਚ ਰਿਹਾ। ਇਨਾਂ ਦੇ ਕਹਿਣ ’ਤੇ ਡਾਲਰ ਪੋਸਟਰ ਲਗਾਉਣ ਲਈ ਰਾਜ਼ੀ ਹੋਇਆ। ਇਸ ਵਾਰਦਾਤ ਲਈ ਡਾਲਰ ਨੇ ਆਪਣੇ ਪਿੰਡ ਦੇ ਹੀ ਜਾਣਕਾਰ ਪ੍ਰੇਮ ਨੂੰ ਵੀ ਨਾਲ ਰਲਾ ਲਿਆ। ਪੁਲਿਸ ਟੀਮ ਨੇ ਦੋਹਾਂ ਦੀ ਗ੍ਰਿਫਤਾਰੀ ਦੌਰਾਨ ਇਨਾਂ ਕੋਲੋਂ ਕਾਲੀ ਸਿਆਹੀ ਨਾਲ ਖਾਲਿਸਤਾਨ ਲਿਖੇ ਹੋਏ 14 ਪੋਸਟਰ, ਵਾਰਦਾਤ ਅਤੇ ਰੈਕੀ ਲਈ ਵਰਤਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਆਈ.ਜੀ ਨੇ ਦੱਸਿਆ ਕਿ ਦੋਹਾਂ ਮੁਲਜਮਾਂ ਨੂੰ ਬੁਧਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤੀ ਜਾਵੇਗਾ, ਉਨ੍ਹਾਂ ਉਮੀਦ ਜਤਾਈ ਹੈ ਕਿ ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। -PTC News