ਭਾਰਤ-ਪਾਕਿਸਤਾਨ ਸਰਹੱਦ ਤੋਂ ਦੋ ਪਾਕਿਸਤਾਨੀ ਨਾਗਰਿਕ ਕੀਤੇ ਕਾਬੂ
ਗੁਰਦਾਸਪੁਰ : ਭਾਰਤ-ਪਾਕਿਸਤਾਨ ਸਰਹੱਦ ਤੋਂ ਅੱਜ ਬੀਐਸਐਫ ਦੇ ਜਵਾਨਾਂ ਨੇ ਦੋ ਪਾਕਿਸਤਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਸਵੇਰੇ 11 ਵਜੇ ਦੇ ਕਰੀਬ ਭਾਰਤ-ਪਾਕਿਸਤਾਨ ਸਰਹੱਦ ਉਤੇ ਡੇਰਾ ਬਾਬਾ ਨਾਨਕ ਪੋਸਟ ਨੇੜੇ ਬੀਐਸਐਫ ਦੀ 10 ਬਟਾਲੀਅਨ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਉਤੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 11.15 ਵਜੇ ਡੇਰਾ ਬਾਬਾ ਨਾਨਕ ਟਾਊਨ (ਬੀਓਪੀ) ਵਿਖੇ ਤਾਇਨਾਤ ਜਵਾਨਾਂ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕੌਮਾਂਤਰੀ ਸਰਹੱਦ ਪਾਰ ਕਰਦੇ ਦੇਖਿਆ। ਦੋਵੇਂ 10 ਮੀਟਰ ਤੱਕ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਏ ਸਨ। ਦੋਵਾਂ ਦੀ ਪਛਾਣ ਕਿਸ਼ਨ ਮਸੀਹ ਪੁੱਤਰ ਭੋਲਾ ਮਸੀਹ (26) ਅਤੇ ਰਬੀਜ਼ ਮਸੀਹ ਪੁੱਤਰ ਸਾਜਿਦ ਮਸੀਹ (18) ਵਾਸੀ ਪਿੰਡ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਦੋਵਾਂ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਪਾਕਿਸਤਾਨੀ ਕਰੰਸੀ ਦੇ 500 ਰੁਪਏ ਅਤੇ ਦੋ ਸ਼ਨਾਖਤੀ ਕਾਰਡ ਤੰਬਾਕੂ ਦਾ ਇੱਕ ਪੈਕੇਟ ਤੇ ਦੋ ਮੋਬਾਈਲ ਫੋਨ ਵੀ ਮਿਲੇ ਹਨ। ਮੋਬਾਈਲ ਫੋਨਾਂ ਨੂੰ ਵੀ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਤੇ ਪਾਕਿਸਤਾਨੀ ਨਾਗਰਿਕਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਐਸਐਫ ਨੇ ਦੋਵਾਂ ਨੂੰ ਮੁੱਢਲੀ ਪੁੱਛਗਿੱਛ ਲਈ ਡੀਸੀ (ਜੀ) ਦੀ ਟੀਮ ਕੋਲ ਭੇਜ ਦਿੱਤਾ ਹੈ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਦੇ ਨਿਰਦੇਸ਼ਾਂ ਉਤੇ ਬੀਐਸਐਫ ਦੇ ਜਵਾਨ ਪੂਰੀ ਤਿਆਰੀ ਨਾਲ ਸਰਹੱਦ ਦੀ ਸੁਰੱਖਿਆ ਲਈ ਡਟੇ ਹੋਏ ਹਨ। ਬੀਐਸਐਫ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਸਰਹੱਦ ਉਤੇ ਬੀਐਸਐਫ ਪੂਰੀ ਤਰ੍ਹਾਂ ਚੌਕਸ ਹੈ। ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨ ਉਪਰੋਂ ਕਬਜ਼ਾ ਛੁਡਾਉਣ ਦੇ ਮਾਮਲੇ 'ਚ HC ਵੱਲੋਂ ਪੰਜਾਬ ਸਰਕਾਰ ਨੂੰ ਝਟਕਾ, ਨੋਟਿਸ ਜਾਰੀ