ਭਾਰਤ ਭੂਸ਼ਣ ਆਸ਼ੂ ਦੇ ਇਨ੍ਹਾਂ ਦੋ ਕਰੀਬੀਆਂ 'ਤੇ ਡਿੱਗੀ ਵਿਜੀਲੈਂਸ ਦੀ ਗਾਜ
ਲੁਧਿਆਣਾ, 7 ਅਕਤੂਬਰ: ਢੋਆ ਢੁਆਈ ਟੈਂਡਰ ਘੁਟਾਲਾ ਮਾਮਲੇ ਦੇ ਵਿੱਚ ਹੁਣ ਤੱਕ ਵਿਜੀਲੈਂਸ ਵਿਭਾਗ ਕਈ ਗ੍ਰਿਫਤਾਰੀਆਂ ਕਰ ਚੁੱਕੀ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਵੇਲੇ ਜੇਲ੍ਹ ਵਿੱਚ ਨੇ ਤੇ ਵਿਜੀਲੈਂਸ ਵਿਭਾਗ ਦੀ ਨਜ਼ਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ. ਇੰਦਰਜੀਤ ਇੰਦੀ ਅਤੇ ਪੰਕਜ ਮੀਨੂ ਮਲਹੋਤਰਾ 'ਤੇ ਟਿਕੀ ਹੋਈ ਹੈ। ਇਹ ਵੀ ਪੜ੍ਹੋ: ਟੈਂਡਰ ਘਪਲਾ; ਕਣਕ ਦੀ ਖ਼ਰੀਦ ਲਈ ਹੋਈ ਚੈਟ ਵੀ ਬਣੀ ਜਾਂਚ ਦਾ ਹਿੱਸਾ, ਰਾਹੁਲ ਦੀ ਰੈਲੀ ਲਈ ਪੈਸੇ ਇਕੱਠੇ ਕਰਨ ਦਾ ਵੀ ਜ਼ਿਕਰ ਲੁਧਿਆਣਾ ਰੇਂਜ ਦੇ ਵਿਜੀਲੈਂਸ ਵਿਭਾਗ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਵਿਭਾਗ ਪੰਕਜ ਮੀਨੂ ਮਲਹੋਤਰਾ ਅਤੇ ਇੰਦਰਜੀਤ ਇੰਦੀ ਨੂੰ ਭਗੌੜਾ ਘੋਸ਼ਿਤ ਕਰਨ ਦੀਆਂ ਤਿਆਰੀਆਂ 'ਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਭਾਰਤ ਭੂਸ਼ਣ ਆਸ਼ੂ 'ਤੇ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕੀਤਾ ਉਸ ਵੇਲੇ ਆਸ਼ੂ ਦੀ ਗ੍ਰਿਫ਼ਤਾਰੀ ਵੇਲੇ ਇੰਦਰਜੀਤ ਇੰਦੀ ਘਰੋਂ ਇੱਕ ਵੱਡਾ ਕਾਲੇ ਰੰਗ ਦਾ ਬੈਗ ਲੈ ਕੇ ਨਿਕਲਿਆ ਸੀ। ਜਿਸ ਵਿਚ ਸਾਬਕਾ ਮੰਤਰੀ ਆਸ਼ੂ ਦੇ ਖਿਲਾਫ ਵੱਡੇ ਸਬੂਤ ਹੋਣ ਦੀ ਵਿਜੀਲੈਂਸ ਵਿਭਾਗ ਨੂੰ ਅਸ਼ੰਕਾ ਹੈ। ਇਹ ਵੀ ਪੜ੍ਹੋ: ਟੈਂਡਰ ਘੁਟਾਲੇ ਮਾਮਲੇ 'ਚ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਹੋਈ ਰੱਦ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਪੰਕਜ ਮੀਨੂ ਮਲਹੋਤਰਾ ਤੇ ਇੰਦਰਜੀਤ ਇੰਦੀ ਦੇ ਨਾਲ ਉਸ ਬੈਗ ਦੀ ਵੀ ਭਾਲ ਵਿੱਚ ਜੁਟੀ ਹੈ, ਜਿਹੜਾ ਬੈਗ ਵਿਜੀਲੈਂਸ ਵਿਭਾਗ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਇੰਦਰਜੀਤ ਇੰਦੀ ਦੇ ਹੱਥ ਵਿੱਚ ਨਜ਼ਰ ਆਇਆ। ਵਿਜੀਲੈਂਸ ਵਿਭਾਗ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਈ ਕਾਰੋਬਾਰੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤਕ ਕਿਸੇ ਵੀ ਕਾਰੋਬਾਰੀ ਦੀ ਇਸ ਪੂਰੇ ਮਾਮਲੇ ਵਿਚ ਸ਼ਮੂਲੀਅਤ ਨਹੀਂ ਮਿਲੀ ਹੈ। -PTC News