ਕਾਂਗੋ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨ ਵਿੱਚ ਸ਼ਾਮਲ BSF ਦੇ ਦੋ ਜਵਾਨਾਂ ਦੀ ਹੋਈ ਮੌਤ
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਪੀਸਕੀਪਿੰਗ ਮਿਸ਼ਨ ਤਹਿਤ ਕਾਂਗੋ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਦੋ ਜਵਾਨ ਮੰਗਲਵਾਰ ਨੂੰ ਹਿੰਸਕ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ। ਬਲ ਅਤੇ ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਵਾਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਦੋਵੇਂ ਸੈਨਿਕ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦਾ ਹਿੱਸਾ ਸਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਦੇ ਰਹਿਣ ਵਾਲੇ ਬੀਐਸਐਫ ਦੇ ਦੋਵੇਂ ਜਵਾਨ ਹੈੱਡ ਕਾਂਸਟੇਬਲ ਸਨ। ਅੰਤਰਰਾਸ਼ਟਰੀ ਮੀਡੀਆ ਦੇ ਅਨੁਸਾਰ, ਪੂਰਬੀ ਸ਼ਹਿਰ ਗੋਮਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਖਿਲਾਫ ਪ੍ਰਦਰਸ਼ਨਾਂ ਦੇ ਦੂਜੇ ਦਿਨ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਅਤੇ ਲਗਭਗ 50 ਹੋਰ ਜ਼ਖਮੀ ਹੋ ਗਏ।