ਖੇਤ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ
ਸੰਗਰੂਰ, 23 ਜੁਲਾਈ: ਘਟਨਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਲੇੜਾ ਦੀ ਹੈ, ਇਲਾਕੇ ਵਿੱਚ ਮੀਂਹ ਪੈ ਰਿਹਾ ਸੀ ਅਤੇ ਉਸ ਤੋਂ ਬਾਅਦ ਦੋਵੇਂ ਭਰਾ ਆਪਣੇ ਖੇਤ ਵਿੱਚ ਫ਼ਸਲ ਦਾ ਜਾਇਜ਼ਾ ਲੈਣ ਚਲੇ ਗਏ। ਛੋਟੇ ਭਰਾ ਸੁਖਵਿੰਦਰ ਉਰਫ਼ ਬੱਲਾ ਰਾਮ ਨੇ ਇਸੇ ਤਰ੍ਹਾਂ ਬਿਜਲੀ ਦੇ ਖੰਭੇ ਨੂੰ ਛੂਹਿਆ ਤਾਂ ਉਸ ਖੰਭੇ 'ਚ ਕਰੰਟ ਨੇ ਉਸਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਜਦੋਂ ਵੱਡੇ ਭਰਾ ਲਖਵਿੰਦਰ ਉਰਫ਼ ਵਿੱਕੀ ਸ਼ਰਮਾ ਨੇ ਆਪਣੇ ਛੋਟੇ ਭਰਾ ਨੂੰ ਬਿਜਲੀ ਦਾ ਕਰੰਟ ਲੱਗਿਆ ਦੇਖਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ 'ਚ ਉਸਨੇ ਛੋਟੇ ਭਰਾ ਨੂੰ ਛੂਹ ਲਿਆ ਅਤੇ ਆਪ ਵੀ ਕਰੰਟ ਦੀ ਲਪੇਟ 'ਚ ਆ ਗਿਆ ਅਤੇ ਦੋਵੇਂ ਭਰਾਵਾਂ ਦੀ ਮੌਕੇ 'ਤੇ ਹੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਇਨ੍ਹਾਂ ਦੋਵਾਂ ਭਰਾਵਾਂ ਦੇ ਪਿਤਾ ਮਿੱਠੂ ਰਾਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਮ੍ਰਿਤਕ ਭਰਾਵਾਂ 'ਚੋਂ ਵਿੱਕੀ ਸ਼ਰਮਾ ਦਾ ਵਿਆਹ ਹੋਇਆ ਸੀ ਪਰ ਉਸ ਦੀ ਕੋਈ ਔਲਾਦ ਨਹੀਂ ਸੀ ਅਤੇ ਛੋਟੇ ਭਰਾ ਬੱਲਾ ਰਾਮ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਸੀ। ਦੋਵਾਂ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਂ, ਇੱਕ ਹੋਰ ਛੋਟਾ ਭਰਾ ਅਤੇ ਵੱਡੇ ਲੜਕੇ ਦੀ ਪਤਨੀ ਰਹਿ ਗਈ ਹੈ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਵੇਂ ਭਰਾਵਾਂ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ। ਇਸ ਦੁਖਦਾਈ ਖਬਰ ਤੋਂ ਬਾਅਦ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪਿੰਡ ਫਲੇੜਾ ਦੇ ਦੋ ਭਰਾ ਬੀਤੀ ਰਾਤ ਠੇਕੇ ’ਤੇ ਲਈ ਗਈ ਢਾਈ ਏਕੜ ਜ਼ਮੀਨ ਵਿੱਚ ਪਾਣੀ ਲਾਉਣ ਗਏ ਸਨ। ਅਚਾਨਕ ਕਰੰਟ ਲੱਗਣ ਨਾਲ ਦੋਵਾਂ ਦੀ ਮੌਤ ਹੋ ਗਈ। ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਮੂਨਕ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। -PTC News