ਐਸਵਾਈਐਲ ਦੇ ਮੁੱਦੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ : ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ : ਹਰਿਆਣਾ ਦੇ ਆਮ ਆਦਮੀ ਪਾਰਟੀ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੱਲੋਂ ਐਸ.ਵਾਈ.ਐਲ ਦੇ ਮੁੱਦੇ ਉਤੇ ਦਿੱਤੇ ਬਿਆਨ ਉਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਅਜਿਹੇ ਮੁੱਦੇ ਅਕਸਰ ਉਠਾਏ ਜਾਂਦੇ ਹਨ। ਸਪੀਕਰ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਇੱਕ ਨਿੱਜੀ ਸਮਾਗਮ ਲਈ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਫਿਰਕਾਪ੍ਰਸਤੀ ਫੈਲੀ ਹੋਈ ਹੈ ਪਰ ਲੋਕ ਹੁਣ ਸਮਝ ਚੁੱਕੇ ਹਨ। ਪੰਜਾਬ ਵਿੱਚ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਸਫਲ ਨਹੀਂ ਹੋਈ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫ਼ਤ ਦੇਣ ਤੋਂ ਬਾਅਦ ਜਨਰਲ ਵਰਗ ਨਾਲ ਪੱਖਪਾਤ ਕਰਨ ਦੇ ਚੱਲ ਰਹੇ ਵਿਵਾਦ 'ਤੇ ਸਪੀਕਰ ਨੇ ਕਿਹਾ ਕਿ ਜਦੋਂ ਕਿਸੇ ਨੇਤਾ ਨੂੰ ਕੋਈ ਫਾਇਦਾ ਹੁੰਦਾ ਹੈ ਤਾਂ ਕੋਈ ਨਹੀਂ ਬੋਲਦਾ। ਅਫਸਰਾਂ ਅਤੇ ਸਿਆਸਤਦਾਨਾਂ ਨੇ ਬਹੁਤ ਲੁੱਟ ਕੀਤੀ ਹੈ। ਹੁਣ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਪੰਜਾਬ ਦੇ ਵਿਕਾਸ ਤੇ ਲੋਕ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੱਲੋਂ ਪਾਣੀ ਦੀ ਗਾਰੰਟੀ ਦਿੱਤੇ ਜਾਣ ਨਾਲ ਪੰਜਾਬ ਦੀ ਸਿਆਸਤ ਕਾਫੀ ਭਖ ਗਈ ਹੈ। ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਅੱਜ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ''ਦੁਸ਼ਮਣ ਦਰਵਾਜ਼ੇ ਉਤੇ ਆ ਗਿਆ ਹੈ।'' ਉਹ ਆਪਣੀ ਸਥਿਤੀ ਸਪੱਸ਼ਟ ਕਰਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਇਹ ਵੀ ਪੜ੍ਹੋ : 'ਰੋਡ ਰੇਜ' ਮਾਮਲੇ 'ਚ ਕਾਰ ਸਵਾਰਾਂ ਨੇ ਕੀਤੀ ਫਾਇਰਿੰਗ, ਲੜਕੀ ਦੇ ਕਾਪਾ ਮਾਰ ਕੇ ਕੀਤਾ ਜ਼ਖ਼ਮੀ